- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਦੀ ਟੀਮ ਨੇ 75 ਕਿਲੋ ਸ਼ੱਕੀ ਪਨੀਰ ਕੀਤਾ ਜਬਤ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਸ਼ਨਿਚਰਵਾਰ ਨੂੰ ਜ਼ਿਲ੍ਹਾ ਜਲੰਧਰ ਵਿੱਚ ਫੂਡ ਸੇਫਟੀ ਟੀਮ ਵੱਲੋਂ ਸਹਾਇਕ ਕਮਿਸ਼ਨਰ (ਫੂਡ ਸੇਫਟੀ), ਜਲੰਧਰ ਰਜਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਗਈ, ਜਿਸ ਵਿੱਚ ਫੂਡ ਸੇਫਟੀ ਅਫਸਰ ਰਸ਼ੂ ਮਹਾਜਨ, ਮੁਕੁਲ ਗਿੱਲ ਤੇ ਰੋਬਿਨ ਕੁਮਾਰ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਪਨੀਰ ਤੇ ਖੋਆ ਦੇ ਕੁੱਲ 14 ਸੈਂਪਲ ਜਾਂਚ ਲਈ ਇਕੱਤਰ ਕੀਤੇ ਗਏ। ਸਿਹਤ ਵਿਭਾਗ ਦੀ ਫੂਡ ਸੇਫਟੀ ਵਿੰਗ ਵੱਲੋਂ 75 ਕਿੱਲੋ ਸ਼ੱਕੀ ਪਨੀਰ ਜ਼ਬਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਫੂਡ ਸੇਫਟੀ), ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਹਿਮ ਦੌਰਾਨ ਕੈਂਟ ਏਰੀਆ ’ਚ ਇੱਕ ਵਾਹਨ 'ਚੋਂ ਪਨੀਰ ਦੇ 2 ਬਲਾਕ ਅਤੇ ਕੈਂਟ ਏਰੀਆ ਵਿੱਚ ਸਥਿਤ ਇੱਕ ਮਿਠਾਈ ਦੀ ਦੁਕਾਨ ਤੋਂ ਪਨੀਰ ਦੇ 3 ਬਲਾਕ ਸ਼ੱਕੀ ਪਾਏ ਜਾਣ 'ਤੇ ਸੀਜ਼ ਕੀਤੇ ਗਏ। ਨਿਯਮਾਂ ਅਨੁਸਾਰ ਸੈਂਪਲ ਲੈਣ ਤੋਂ ਬਾਅਦ ਕੈਂਟ ਏਰੀਆ ਵਿੱਚੋਂ ਕੁੱਲ 25 ਕਿਲੋ ਪਨੀਰ ਜ਼ਬਤ ਕੀਤਾ ਗਿਆ। ਇਸੇ ਤਰ੍ਹਾਂ ਹੀ ਕਿਸ਼ਨਪੁਰਾ ਚੌਕ ’ਚ ਇੱਕ ਹੋਰ ਕਾਰਵਾਈ ਦੌਰਾਨ ਕਿਸ਼ਨਪੁਰਾ ਚੌਕ ਵਿਖੇ ਸੈਂਪਲ ਲੈਣ ਤੋਂ ਬਾਅਦ ਲਗਭਗ 50 ਕਿੱਲੋ ਪਨੀਰ ਜ਼ਬਤ ਕੀਤਾ ਗਿਆ। ਜਲੰਧਰ ਸ਼ਹਿਰ ਦੇ ਸੰਤੋਖਪੁਰਾ, ਕੈਂਟ ਏਰੀਆ ਅਤੇ ਜੀ.ਟੀ.ਬੀ. ਨਗਰ ਦੀਆਂ ਮਿਠਾਈਆਂ ਦੀਆਂ ਦੁਕਾਨਾਂ ਤੋਂ ਖੋਆ ਦੇ ਸੈਂਪਲ ਵੀ ਇਕੱਤਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਰੇ ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤਾ ਗਿਆ ਹੈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਨੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਹੈ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਪਨੀਰ, ਖੋਆ ਤੇ ਹੋਰ ਦੁੱਧ ਉਤਪਾਦਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਇਹ ਵਿਸ਼ੇਸ਼ ਮੁਹਿੰਮ ਭਵਿੱਖ ’ਚ ਵੀ ਜਾਰੀ ਰਹੇਗੀ।