ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਜਤਾਇਆ ਰੋਸ
ਚੰਦੀਪ ਭੱਲਾ, ਪੰਜਾਬੀ ਜਾਗਰਣ,
Publish Date: Fri, 29 May 2026 07:01 PM (IST)
Updated Date: Sat, 30 May 2026 04:05 AM (IST)

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਥਿਤ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਮੁੱਖ ਸੇਵਾ ਕੇਂਦਰ ਨੇੜੇ ਰੋਸ ਵਿਖਾਵਾ ਕੀਤਾ ਤੇ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਦੀਆਂ ਤਨਖ਼ਾਹਾਂ ’ਚ ਵੀ ਵਾਧਾ ਕੀਤਾ ਜਾਵੇ। ਸੇਵਾ ਕੇਂਦਰ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਮਾਮੂਲੀ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ ਤੇ ਜਿਸ ਕੰਪਨੀ ਅਧੀਨ ਉਹ ਕੰਮ ਕਰ ਰਹੇ ਹਨ ਉਹ ਕੰਪਨੀ ਕਰਮਚਾਰੀਆਂ ਨੂੰ 6-6 ਮਹੀਨੇ ਦੇ ਠੇਕੇ ’ਤੇ ਕੰਮ ਕਰਵਾ ਰਹੀ ਹੈ, ਜਿਸ ਕਰ ਕੇ ਉਨ੍ਹਾਂ ਦਾ ਭਵਿੱਖ ਹਰ ਵੇਲੇ ਖ਼ਤਰੇ ’ਚ ਰਹਿੰਦਾ ਹੈ। ਇਸ ਤੋਂ ਇਲਾਵਾ ਉਹ ਲੰਮੇ ਸਮੇਂ ਤੋਂ ਮਾਮੂਲੀ ਤਨਖ਼ਾਹਾਂ ’ਤੇ ਹੀ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਵਧਾਈਆਂ ਜਾ ਰਹੀਆਂ ਹਨ। ਕਰਮਚਾਰੀਆਂ ਨੇ ਕਿਹਾ ਕਿ ਉਹ ਸੇਵਾ ਕੇਂਦਰਾਂ ’ਚ ਸਾਰੇ ਸਰਕਾਰੀ ਕੰਮ ਪਾਸਪੋਰਟ, ਜਨਮ ਪ੍ਰਮਾਣ ਪੱਤਰ, ਐਫੀਡੇਵਿਟ, ਲਾਇਸੈਂਸ, ਆਧਾਰ ਕਾਰਡ ਸਮੇਤ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਹਨ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਰਮਚਾਰੀਆਂ ਨੂੰ ਪੱਕਾ ਕਰੇ, ਜੇਕਰ ਪੱਕਾ ਨਹੀਂ ਕੀਤਾ ਜਾਣਾ ਹੈ ਤੇ ਸਰਕਾਰ ਉਨ੍ਹਾਂ ਨੂੰ ਆਪਣੇ ਅਧੀਨ ਰੱਖ ਕੇ ਕੰਮ ਲਵੇ ਤੇ ਇਸ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ ਤਾਂ ਕਿ ਕਰਮਚਾਰੀਆਂ ਦੇ ਭਵਿੱਖ ਸੁਰੱਖਿਅਤ ਹੋ ਸਕੇ, ਜਿੱਥੇ ਇੱਕ ਪਾਸੇ ਅੱਜ ਕੁੱਝ ਕਰਮਚਾਰੀ ਹੜਤਾਲ ਕਰਦੇ ਬੈਠੇ ਸਨ, ਉੱਥੇ ਨਾਲ ਹੀ ਉਨ੍ਹਾਂ ਦੇ ਕੁੱਝ ਸਾਥੀ ਸੇਵਾ ਕੇਂਦਰ ’ਚ ਕੰਮ ਕਰ ਰਹੇ ਸਨ ਤੇ ਮੁੱਖ ਸੇਵਾ ਕੇਂਦਰ ’ਚ ਕਰਮਚਾਰੀ ਕੰਮ ਕਰਦੇ ਵੇਖੇ ਗਏ। ਇਸ ਤੋਂ ਇਨ੍ਹਾਂ ਸਾਰਿਆਂ ਚ ਇਕਜੁੱਟਤਾ ਨਾ ਹੋਣ ਦਾ ਸਾਫ਼ ਪਤਾ ਲੱਗ ਰਿਹਾ ਸੀ। ਇਸ ਦੌਰਾਨ ਸੇਵਾ ਕੇਂਦਰ ਇੰਚਾਰਜ ਤੇ ਡੀਐੱਮ ਹਰਜੋਤ ਸਿੰਘ ਜੋ ਕਿ ਕੰਮਕਾਜ ਕਰਨ ਲਈ ਕਰਮਚਾਰੀਆਂ ਨੂੰ ਸਮਝਾ ਰਹੇ ਸਨ, ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਅੱਧੇ ਕਰਮਚਾਰੀ ਕੰਮ ਕਰੇ ਹਨ ਤੇ ਅੱਧੇ ਕੰਮ ਛੱਡ ਕੇ ਬੈਠੇ ਸਨ ਪਰ ਇਸ ਦੇ ਬਾਅਦ ਵੀ ਸਾਰਾ ਕੰਮ ਚੱਲ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁੱਝ ਸੇਵਾ ਕੇਂਦਰਾਂ ’ਚ ਗਿਣਤੀ ਦੇ ਹੀ ਕਰਮਚਾਰੀ ਹੋਣ ਕਰ ਕੇ ਉੱਥੇ ਕੰਮ ਠੱਪ ਰਿਹਾ, ਜਿਸ ਕਰ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।