
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੇਰਾ ਬਾਬਾ ਮੁਰਾਦ ਸ਼ਾਹ ਜੀ ਦਾ 66ਵਾਂ ਸਾਲਾਨਾ ਮੇਲਾ ਕਰਵਾਇਆ

-ਗੁਰਦਾਸ ਮਾਨ ਨੇ ਅਦਾ ਕੀਤੀ ਝੰਡੇ ਦੀ ਰਸਮ, ‘ਸਾਈਂ ਗੁਲਾਮ ਸ਼ਾਹ ਜੀ’ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਮੁਰਾਦ ਸ਼ਾਹ ਜੀ, ਨਕੋਦਰ ਦਾ 66ਵਾਂ ਸਾਲਾਨਾ ਮੇਲਾ ਵੀਰਵਾਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਦੁਪਹਿਰ ਸਮੇਂ ਡੇਰਾ ਟਰੱਸਟ ਦੇ ਚੇਅਰਮੈਨ ਤੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਦੀ ਮੌਜੂਦਗੀ ’ਚ ਝੰਡੇ ਦੀ ਪਵਿੱਤਰ ਰਸਮ ਅਦਾ ਕੀਤੀ। ਇਸ ਦੌਰਾਨ ਪੂਰਾ ਪੰਡਾਲ ‘ਬਾਬਾ ਮੁਰਾਦ ਸ਼ਾਹ ਜੀ’ ਤੇ ‘ਸਾਈਂ ਗੁਲਾਮ ਸ਼ਾਹ ਜੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
-------------------------
‘ਪੰਜਾਬ ਬੰਦ’ ਕਾਰਨ ਮੇਲਾ ਇਕ ਦਿਨ ਦਾ ਹੋਇਆ :
21 ਅਗਸਤ ਦੇ ਪ੍ਰਸਤਾਵਿਤ ‘ਪੰਜਾਬ ਬੰਦ’ ਦੇ ਸੱਦੇ ਨੂੰ ਦੇਖਦਿਆਂ ਡੇਰਾ ਟਰੱਸਟ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਦੇ ਮੱਦੇਨਜ਼ਰ ਮੇਲੇ ਦੇ ਪ੍ਰੋਗਰਾਮ ’ਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਦੋ ਦਿਨ ਚੱਲਣ ਵਾਲਾ ਮੇਲਾ ਹੁਣ ਸਿਰਫ਼ 20 ਅਗਸਤ ਨੂੰ ਹੀ ਮਨਾਇਆ ਜਾ ਰਿਹਾ ਹੈ। ਟਰੱਸਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 21 ਅਗਸਤ ਨੂੰ ਡੇਰਾ ਕੰਪਲੈਕਸ ’ਚ ਕੋਈ ਸਟੇਜ ਪ੍ਰੋਗਰਾਮ, ਕੱਵਾਲੀ ਜਾਂ ਧਾਰਮਿਕ ਰਸਮ ਨਹੀਂ ਹੋਵੇਗੀ ਤੇ ਮੁੱਖ ਰਸਮਾਂ ਅੱਜ ਹੀ ਸੰਪੰਨ ਕਰ ਲਈਆਂ ਜਾਣਗੀਆਂ। ਮੇਲਾ ਖੇਤਰ ’ਚ ਬੱਚਿਆਂ ਦੇ ਮਨੋਰੰਜਨ ਲਈ ਸਟਾਲਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ। ਹਾਲਾਂਕਿ ਮੇਲਾ ਇਕ ਦਿਨ ਤੱਕ ਸੀਮਤ ਰਹਿਣ ਕਾਰਨ ਦੁਕਾਨਦਾਰਾਂ ’ਚ ਮਾਯੂਸੀ ਵੀ ਦੇਖਣ ਨੂੰ ਮਿਲੀ। ਦੁਕਾਨਦਾਰਾਂ ਨੇ ਦੱਸਿਆ ਕਿ ਉਹ ਪੂਰਾ ਸਾਲ ਇਸ ਮੇਲੇ ਦੀ ਉਡੀਕ ਕਰਦੇ ਹਨ ਤੇ ਇਸ ਵਾਰ ਕਈ ਵਪਾਰੀਆਂ ਨੇ ਉਧਾਰ ਪੈਸੇ ਲੈ ਕੇ ਸਾਮਾਨ ਲਿਆਂਦਾ ਸੀ। ਮੇਲਾ ਇਕ ਦਿਨ ਦਾ ਰਹਿ ਜਾਣ ਕਾਰਨ ਉਨ੍ਹਾਂ ਨੂੰ ਉਮੀਦ ਮੁਤਾਬਕ ਗਾਹਕੀ ਨਾ ਮਿਲਣ ਤੇ ਆਰਥਿਕ ਨੁਕਸਾਨ ਦਾ ਡਰ ਹੈ।
--------------------------
ਦੂਰ-ਦੁਰਾਡੇ ਤੋਂ ਪੁੱਜੀ ਸੰਗਤ
ਦੂਜੇ ਦਿਨ ਮੇਲਾ ਨਾ ਹੋਣ ਕਾਰਨ ਵੀਰਵਾਰ ਨੂੰ ਦਰਬਾਰ ’ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ ਸਮੇਤ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਲਈ ਪਹੁੰਚੀ। ਕਈ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਡੇਰਾ ਪ੍ਰਬੰਧਕਾਂ ਦੀ ਅਪੀਲ ਤੇ 21 ਅਗਸਤ ਦੇ ਬੰਦ ਦੇ ਮੱਦੇਨਜ਼ਰ ਅੱਜ ਹੀ ਦਰਬਾਰ ’ਚ ਮੱਥਾ ਟੇਕਣ ਪਹੁੰਚੇ ਹਨ।
ਭਾਰੀ ਗਰਮੀ ਤੇ ਹੁੰਮਸ ਦੇ ਬਾਵਜੂਦ ਸੰਗਤ ’ਚ ਉਤਸ਼ਾਹ ਕਾਇਮ ਰਿਹਾ। ਸ਼ਹਿਰ ਵਾਸੀਆਂ ਤੇ ਬਾਬਾ ਜੀ ਦੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਅਤੁੱਟ ਲੰਗਰ ਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਕਾਰਨ ਪੂਰਾ ਸ਼ਹਿਰ ਧਾਰਮਿਕ ਮਾਹੌਲ ’ਚ ਰੰਗਿਆ ਹੋਇਆ ਨਜ਼ਰ ਆਇਆ।
--------------------------------
ਸੁਰੱਖਿਆ ਤੇ ਆਵਾਜਾਈ ਦੇ ਪੁਖ਼ਤਾ ਪ੍ਰਬੰਧ
ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੁਰੱਖਿਆ ਤੇ ਆਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟਾਂ ’ਤੇ ਬੈਰੀਕੇਡਿੰਗ ਕਰਕੇ ਵੱਡੇ ਵਾਹਨਾਂ ਦੇ ਦਾਖ਼ਲੇ ’ਤੇ ਰੋਕ ਲਗਾਈ ਗਈ। ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਨੂੰ ਬਾਈਪਾਸ ਰਾਹੀਂ ਤੈਅ ਪਾਰਕਿੰਗ ਸਥਾਨਾਂ ’ਤੇ ਭੇਜਿਆ ਗਿਆ, ਜਿੱਥੋਂ ਸੰਗਤ ਪੈਦਲ ਦਰਬਾਰ ਸਾਹਿਬ ਪਹੁੰਚੀ। ਸੁਰੱਖਿਆ ਲਈ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤਾਇਨਾਤ ਰਹੇ, ਜਦਕਿ ਡੇਰਾ ਪ੍ਰਬੰਧਕਾਂ ਵੱਲੋਂ ਵੀ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸ਼ਹਿਰ ਦੇ ਮੁੱਖ ਮਾਰਗਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ।
----------------------------------
ਸੂਫ਼ੀਆਨਾ ਰੰਗ ’ਚ ਰੰਗੀ ਸੰਗੀਤਕ ਸ਼ਾਮ
ਮੇਲੇ ਦੌਰਾਨ ਰਾਤ ਨੂੰ ਸੂਫ਼ੀ ਗਾਇਕ ਸਰਦਾਰ ਅਲੀ ਦੀ ਪੇਸ਼ਕਾਰੀ ਨੇ ਸੰਗਤ ਨੂੰ ਰੂਹਾਨੀ ਤੇ ਸੰਗੀਤਕ ਰੰਗ ’ਚ ਰੰਗ ਦਿੱਤਾ। ਉਨ੍ਹਾਂ ਨੇ ਵਿਲੱਖਣ ਗਾਇਕੀ ਤੇ ਮਿੱਠੇ ਸੁਰਾਂ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਪੂਰਾ ਪੰਡਾਲ ਤਾਲੀਆਂ ਤੇ ਵਾਹ-ਵਾਹ ਨਾਲ ਗੂੰਜ ਉੱਠਿਆ। ਸੰਗਤ ਨੇ ਉਨ੍ਹਾਂ ਦੀ ਸੂਫ਼ੀਆਨਾ ਗਾਇਕੀ ਦਾ ਭਰਪੂਰ ਆਨੰਦ ਮਾਣਿਆ ਤੇ ਕਲਾਕਾਰ ਦੀ ਕਲਾ ਦੀ ਖੂਬ ਸਰਾਹਨਾ ਕੀਤੀ। ਸਰਦਾਰ ਅਲੀ ਦੀ ਪੇਸ਼ਕਾਰੀ ਮੇਲੇ ’ਚ ਪਹੁੰਚੇ ਲੋਕਾਂ ਲਈ ਯਾਦਗਾਰ ਬਣ ਗਈ।