- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਲੁਜ ਦਰਿਆ ਕੰਢਿਓਂ ਬਰਾਮਦ 6200 ਲੀਟਰ ਲਾਹਣ ਮੌਕੇ 'ਤੇ ਨਸ਼ਟ

-12 ਪਲਾਸਟਿਕ ਤਰਪਾਲਾਂ ਤੇ 12 ਲੋਹੇ ਦੇ ਡਰੰਮ ਵੀ ਕੀਤੇ ਨਸ਼ਟ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਨਕੇਲ ਕੱਸਣ ਲਈ ਆਬਕਾਰੀ ਵਿਭਾਗ ਵੱਲੋਂ ਵਿੱਢੀ ਮੁਹਿੰਮ ਤਹਿਤ ਸਤਲੁਜ ਦਰਿਆ ਦੇ ਕੰਢੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਵਿਭਾਗ ਦੀ ਟੀਮ ਨੇ ਲਗਭਗ 6200 ਲੀਟਰ ਨਾਜਾਇਜ਼ ਲਾਹਣ ਬਰਾਮਦ ਕਰਕੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਰੇਂਜ-2 ਹਰਸਿਮਰਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਆਬਕਾਰੀ ਅਫ਼ਸਰ ਜਲੰਧਰ ਵੈਸਟ-ਏ ਸੌਰਵ ਗੁਪਤਾ ਦੀ ਨਿਗਰਾਨੀ ਵਿਚ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ। ਆਬਕਾਰੀ ਇੰਸਪੈਕਟਰ ਸਰਵਣ ਸਿੰਘ ਨੇ ਟੀਮ ਤੇ ਆਬਕਾਰੀ ਪੁਲਿਸ ਸਟਾਫ਼ ਸਮੇਤ ਸਤਲੁਜ ਦਰਿਆ ਦੇ ਕੰਢੇ ਪਿੰਡ ਬਾਊਪੁਰ, ਖੁਰਲਾਪੁਰ ਤੇ ਚੱਕ ਹਾਥੀਆਣਾ ਦੇ ਇਲਾਕਿਆਂ ’ਚ ਬਾਰੀਕੀ ਨਾਲ ਤਲਾਸ਼ੀ ਲਈ। ਤਲਾਸ਼ੀ ਅਭਿਆਨ ਦੌਰਾਨ ਦਰਿਆ ਕੰਢੇ ਝਾੜੀਆਂ ਅਤੇ ਟੋਇਆਂ ਵਿਚ ਲੁਕੋ ਕੇ ਰੱਖੀਆਂ 12 ਪਲਾਸਟਿਕ ਦੀਆਂ ਤਰਪਾਲਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ ਕਰੀਬ 6200 ਲੀਟਰ ਲਾਹਣ ਭਰੀ ਹੋਈ ਸੀ। ਇਸ ਦੇ ਨਾਲ ਹੀ ਮੌਕੇ ਤੋਂ 12 ਲੋਹੇ ਦੇ ਡਰੰਮ ਵੀ ਮਿਲੇ। ਇਸ ਸਾਰੀ ਲਾਹਣ, ਤਰਪਾਲਾਂ ਤੇ ਡਰੰਮਾਂ ਨੂੰ ਵਿਭਾਗੀ ਟੀਮ ਵੱਲੋਂ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।