
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿੱਤ ਕਮੇਟੀ ’ਚ ਮੁੜ ਆਵੇਗਾ 600 ਕਰੋੜ ਦਾ ਕੂੜਾ ਪ੍ਰਬੰਧਨ ਪ੍ਰਾਜੈਕਟ, ਸੜਕਾਂ ਦੇ ਕੰਮ ਵੀ ਹੋਣਗੇ ਮਨਜ਼ੂਰ

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ 17 ਅਗਸਤ ਨੂੰ ਤਜਵੀਜ਼ਸ਼ੁਦਾ ਮੀਟਿੰਗ ’ਚ ਸਾਲਿਡ ਵੇਸਟ ਮੈਨੇਜਮੈਂਟ ਦੇ 600 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਮਤਾ ਮੁੜ ਵਿਚਾਰਿਆ ਜਾਵੇਗਾ। ਪਿਛਲੀ ਮੀਟਿੰਗ ’ਚ ਵੀ ਇਸ ਪ੍ਰੋਜੈਕਟ ਦੇ ਟੈਂਡਰ ਨੂੰ ਵਿੱਤੀ ਮਨਜ਼ੂਰੀ ਦਿੱਤੀ ਜਾਣੀ ਸੀ ਪਰ ਵਿਰੋਧ ਦੀ ਸੰਭਾਵਨਾ ਕਾਰਨ ਮੀਟਿੰਗ ਸ਼ੁਰੂ ਹੁੰਦੇ ਹੀ ਇਸ ਨੂੰ ਪੈਂਡਿੰਗ ਕਰ ਦਿੱਤਾ ਗਿਆ ਸੀ। ਇਸ ਪ੍ਰਾਜੈਕਟ ਲਈ ਦੋ ਟੈਂਡਰ ਲਗਾਏ ਗਏ ਸਨ ਤੇ ਦੋਵੇਂ ਟੈਂਡਰ ਬੀਵੀਜੀ ਇੰਡੀਆ ਲਿਮਟਿਡ ਨੂੰ ਮਿਲੇ ਹਨ। ਸ਼ਹਿਰ ਲਈ ਕੂੜਾ ਪ੍ਰਬੰਧਨ ਦਾ ਕੰਮ ਬੇਹੱਦ ਜ਼ਰੂਰੀ ਹੈ ਪਰ ਸਵਾਲ ਇਹ ਵੀ ਹੈ ਕਿ ਨਿਗਮ ਹਰ ਸਾਲ ਠੇਕਾ ਕੰਪਨੀ ਨੂੰ 75 ਕਰੋੜ ਰੁਪਏ ਦਾ ਭੁਗਤਾਨ ਕਿਵੇਂ ਕਰੇਗਾ। ਵਿੱਤ ਕਮੇਟੀ ਦੀ ਮੀਟਿੰਗ ’ਚ ਕਰੀਬ 675 ਕਰੋੜ ਰੁਪਏ ਦੇ ਕੰਮ ਮਨਜ਼ੂਰ ਕੀਤੇ ਜਾਣੇ ਹਨ। 75 ਕਰੋੜ ਰੁਪਏ ਨਾਲ ਸੜਕਾਂ, ਪਾਰਕਾਂ, ਟਿਊਬਵੈੱਲਾਂ, ਵਾਟਰ ਸਪਲਾਈ ਤੇ ਸੀਵਰੇਜ ਦੇ ਕੰਮ ਕਰਵਾਏ ਜਾਣੇ ਹਨ। ਸੈਂਟਰਲ ਹਲਕੇ ’ਚ ਸਰਕਾਰ ਦੀ ਸਪੈਸ਼ਲ ਅਸਿਸਟੈਂਸ ਆਫ ਸਟੇਟਸ ਫਾਰ ਕੈਪੀਟਲ ਇਨਵੈਸਟਮੈਂਟ ਗ੍ਰਾਂਟ ਨਾਲ ਕੰਕਰੀਟ ਸੜਕਾਂ ਦੇ ਕਈ ਕੰਮ ਕਰਵਾਏ ਜਾਣੇ ਹਨ। ਵਾਰਡ ਨੰਬਰ 9, 12, 19, 20, 21, 22 ਤੇ 25 ’ਚ 21.70 ਕਿੱਲੋਮੀਟਰ ਲੰਬੀਆਂ ਕੰਕਰੀਟ ਸੜਕਾਂ 8.96 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ। ਵੈਸਟ ਵਿਧਾਨ ਸਭਾ ਹਲਕੇ ’ਚ ਕਪੂਰਥਲਾ ਰੋਡ ’ਤੇ ਨਹਿਰ ਤੋਂ ਜਲੰਧਰ ਕੁੰਜ ਤੱਕ 8 ਕਿਲੋਮੀਟਰ ਸੜਕ ’ਤੇ ਫੁੱਟਪਾਥ, ਗਰਿੱਲ ਤੇ ਡਰੇਨੇਜ ਸਿਸਟਮ ਸਮੇਤ ਬੁਨਿਆਦੀ ਢਾਂਚੇ ’ਚ ਸੁਧਾਰ ਦਾ ਕੰਮ ਕੀਤਾ ਜਾਵੇਗਾ। ਇਸ ’ਤੇ 5.58 ਕਰੋੜ ਰੁਪਏ ਖਰਚ ਹੋਣਗੇ। ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਨਿਗਮ ਦੀ ਹੱਦ ਤੱਕ 8.4 ਕਿਲੋਮੀਟਰ ਸੜਕ ਨੂੰ ਚੌੜਾ ਕੀਤਾ ਜਾਵੇਗਾ। ਇਸ ’ਤੇ 4.79 ਲੱਖ ਰੁਪਏ ਖਰਚ ਹੋਣਗੇ। ਇਸੇ ਤਰ੍ਹਾਂ ਬੂਟਾ ਮੰਡੀ ਨੇੜੇ 120 ਫੁੱਟ ਰੋਡ ਤੇ ਗ੍ਰੀਨ ਪਾਰਕ ਰੋਡ ’ਤੇ 3.1 ਕਿਲੋਮੀਟਰ ਸੀਮੈਂਟ ਕੰਕਰੀਟ ਸੜਕ ’ਤੇ 4.51 ਕਰੋੜ ਰੁਪਏ ਖਰਚੇ ਜਾਣਗੇ। ਨਾਰਥ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 1, 2, 3, 4, 83 ਤੇ 85 ’ਚ 10 ਕਿੱਲੋਮੀਟਰ ਕੰਕਰੀਟ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ’ਤੇ 8.37 ਕਰੋੜ ਰੁਪਏ ਖਰਚ ਹੋਣਗੇ। ਵਾਰਡ ਨੰਬਰ 4, 82 ਤੇ 83 ’ਚ 14 ਕਿਲੋਮੀਟਰ ਲੁੱਕ-ਬਜਰੀ ਦੀਆਂ ਸੜਕਾਂ ’ਤੇ 5.82 ਕਰੋੜ ਰੁਪਏ ਨਾਲ ਕੰਮ ਕਰਵਾਇਆ ਜਾਵੇਗਾ। ਨਿਗਮ ਫੰਡ ਨਾਲ ਵਾਰਡ ਨੰਬਰ 35 ’ਚ ਐੱਫਸੀਆਈ ਕਲੋਨੀ ਤੋਂ ਘਈ ਹਸਪਤਾਲ ਤੱਕ 55 ਲੱਖ ਰੁਪਏ ਦੀ ਲਾਗਤ ਨਾਲ ਮੁੱਖ ਸੜਕ ਦਾ ਨਿਰਮਾਣ ਕੀਤਾ ਜਾਵੇਗਾ।