90 ਕਰੋੜ ਦੀ ਲਾਗਤ ਨਾਲ ਬਣਨਗੀਆਂ ਸ਼ਾਹਕੋਟ ਤੇ ਲੋਹੀਆਂ ਸਮੇਤ 6 ਸੜਕਾਂ : ਸੰਤ ਸੀਚੇਵਾਲ 90 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੀਆਂ ਸਾ਼ਹਕੋਟ ਲੋਹੀਆਂ ਸਮੇਤ 6 ਸੜਕਾਂ - ਸੰਤ ਸੀਚੇਵਾਲ
Publish Date: Wed, 19 Aug 2026 08:43 PM (IST)
Updated Date: Wed, 19 Aug 2026 08:45 PM (IST)
ਰੁਕੀਆਂ ਸੜਕਾਂ ਦਾ ਕੰਮ ਮੁੜ ਸ਼ੁਰੂ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਫੇਜ਼-3 ਤਹਿਤ ਜਲੰਧਰ ਜ਼ਿਲ੍ਹੇ ’ਚ ਲੰਮੇ ਸਮੇਂ ਤੋਂ ਰੁਕੇ ਸੜਕਾਂ ਦੇ ਨਿਰਮਾਣ ਕਾਰਜ ਮੁੜ ਸ਼ੁਰੂ ਹੋ ਗਏ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਹ ਅਹਿਮ ਮੁੱਦਾ 12 ਮਾਰਚ ਨੂੰ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਚੁੱਕੇ ਜਾਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਰੁਕੇ ਹੋਏ ਪ੍ਰਾਜੈਕਟਾਂ ਨੂੰ ਮੁੜ ਚਾਲੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ’ਤੇ ਲਗਭਗ 828 ਕਰੋੜ ਰੁਪਏ ਖਰਚ ਹੋਣੇ ਹਨ ਜਿਸ ਤਹਿਤ ਪੰਜਾਬ ’ਚ 64 ਸੜਕਾਂ ਅਤੇ 38 ਪੁਲ਼ ਬਣਾਏ ਜਾਣੇ ਹਨ। ਜਿਨ੍ਹਾਂ ਨਾਲ ਸੈਂਕੜੇ ਪਿੰਡਾਂ ਨੂੰ ਬਿਹਤਰ ਸੜਕੀ ਸੰਪਰਕ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਣ ਜਲੰਧਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਕਰੀਬ 90 ਕਰੋੜ ਰੁਪਏ ਦੀ ਲਾਗਤ ਨਾਲ 6 ਸੜਕਾਂ ਅਤੇ ਇਕ ਪੁਲ਼ ਬਣਾਇਆ ਜਾਣਾ ਹੈ। ਇਨ੍ਹਾਂ ਪ੍ਰਾਜੈਕਟਾਂ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਜਲੰਧਰ ਜ਼ਿਲ੍ਹੇ ਵਿੱਚ ਬਣਨ ਵਾਲੀਆਂ ਇਹ ਸੜਕਾਂ ਲੋਹੀਆਂ, ਸ਼ਾਹਕੋਟ, ਨਕੋਦਰ ਅਤੇ ਰੁੜਕਾ ਖੇਤਰਾਂ ਨਾਲ ਸਬੰਧਤ ਹਨ। ਇਸੇ ਪ੍ਰਾਜੈਕਟ ਤਹਿਤ ਸ਼ਾਹਕੋਟ ਇਲਾਕੇ ਦੇ ਪਿੰਡ ਜਲਾਲਪੁਰ ਨੇੜੇ ਚਿੱਟੀ ਵੇਈ ’ਤੇ ਇੱਕ ਪੁਲ ਵੀ ਬਣਾਇਆ ਜਾਣਾ ਹੈ। ਇਸ ਪੁਲ ਦੇ ਬਣਨ ਨਾਲ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਇਲਾਕੇ ਦਾ ਆਪਸੀ ਸੰਪਰਕ ਹੋਰ ਮਜ਼ਬੂਤ ਹੋਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਸੜਕਾਂ ਸਿਰਫ਼ ਆਉਣ-ਜਾਣ ਦਾ ਸਾਧਨ ਨਹੀਂ, ਸਗੋਂ ਪੇਂਡੂ ਵਿਕਾਸ ਦੀਆਂ ਜੀਵਨ ਰੇਖਾਵਾਂ ਹਨ। ਜਦੋਂ ਇਹ ਸੜਕਾਂ ਪੱਕੀਆਂ ਅਤੇ ਸੁਚੱਜੀਆਂ ਹੁੰਦੀਆਂ ਹਨ ਤਾਂ ਪਿੰਡਾਂ ਦੀ ਤਸਵੀਰ ਅਤੇ ਤਕਦੀਰ ਦੋਵੇਂ ਬਦਲਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰੇ ਪ੍ਰਾਜੈਕਟ ਸਮੇਂ ਸਿਰ ਅਤੇ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਮੁਕੰਮਲ ਕੀਤੇ ਜਾਣਗੇ ਤਾਂ ਜੋ ਪੇਂਡੂ ਖੇਤਰ ਦੇ ਲੋਕਾਂ ਨੂੰ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ। ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਪਿਛਲੇ ਸਾਲਾਂ ਤੋਂ ਰੁਕੇ ਹੋਏ ਸਨ। ਪਿਛਲੇ ਸਾਲ ਇਨ੍ਹਾਂ ਦੇ ਨਿਰਮਾਣ ਲਈ ਟੈਂਡਰ ਪ੍ਰਕਿਰਿਆ ਵੀ ਮੁਕੰਮਲ ਹੋ ਗਈ ਸੀ, ਪਰ ਕੰਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਵੱਲੋਂ ਪ੍ਰਾਜੈਕਟ ਰੱਦ ਕਰ ਦਿੱਤੇ ਗਏ ਸਨ।