- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਸਤੌਲ ਦੀ ਨੋਕ ’ਤੇ ਡਰਾਈਵਰ ਕੋਲੋਂ 50 ਹਜ਼ਾਰ ਰੁਪਏ ਲੁੱਟੇ, ਟਰੱਕ ਦੀ ਭੰਨਤੋੜ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਬੀਤੀ ਰਾਤ ਨੈਸ਼ਨਲ ਹਾਈਵੇ ’ਤੇ ਫਿਲੌਰ ਦੇ ਪਿੰਡ ਭੱਟੀਆਂ ਨੇੜੇ ਕਥਿਤ ਤੌਰ ’ਤੇ ਲੁਟੇਰਿਆਂ ਵੱਲੋਂ ਇੱਕ ਟਰੱਕ ਨੂੰ ਰੋਕ ਕੇ ਭੰਨਤੋੜ ਕਰਨ ਤੇ ਪਿਸਤੌਲ ਦੇ ਜ਼ੋਰ ਡਰਾਈਵਰ ਕੋਲੋਂ 50 ਹਜ਼ਾਰ ਰੁਪਏ ਦੀ ਨਕਦੀ ਲਈ। ਪੀੜਤ ਡਰਾਈਵਰ ਰਸ਼ੀਦ ਅਹਿਮਦ ਅਤੇ ਹਾਬਿਜ ਹੁਸੈਨ ਨੇ ਦੱਸਿਆ ਕਿ ਉਹ ਖੰਨਾ ਤੋਂ ਟਰੱਕ ਲੋਡ ਕਰਕੇ ਜਲੰਧਰ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਭੱਟੀਆਂ ਨੇੜੇ ਪਹੁੰਚੇ ਤਾਂ ਇੱਕ ਆਈ-20 ਕਾਰ ਵਿੱਚ ਸਵਾਰ ਪੰਜ-ਛੇ ਵਿਅਕਤੀਆਂ ਨੇ ਟਰੱਕ ਰੋਕ ਲਿਆ। ਹਮਲਾਵਰਾਂ ਨੇ ਟਰੱਕ ਦੀ ਭੰਨਤੋੜ ਸ਼ੁਰੂ ਕਰ ਦਿੱਤੀ ਤੇ ਪਿਸਤੌਲ ਦਿਖਾ ਕੇ 50 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਪੀੜਤਾਂ ਅਨੁਸਾਰ ਲੁਟੇਰਿਆਂ ਨੇ ਆਈ-20 ਕਾਰ ਦੀ ਨੰਬਰ ਪਲੇਟ ’ਤੇ ਟੇਪ ਲਗਾਈ ਹੋਈ ਸੀ। ਉਨ੍ਹਾਂ ਵੱਲੋਂ ਕਾਰ ਦਾ ਨੰਬਰ PB-07-E-8754 ਦੱਸਿਆ ਗਿਆ ਹੈ। ਘਟਨਾ ਦੀ ਸੂਚਨਾ 112 ਨੰਬਰ ’ਤੇ ਦਿੱਤੀ ਗਈ, ਜਿਸ ਤੋਂ ਬਾਅਦ ਹੈੱਡ ਕਾਂਸਟੇਬਲ ਸ਼ਨੀਲ ਕੁਮਾਰ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਫਿਲੌਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣੇਦਾਰ ਧਰਮਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਪਿੰਡ ਭੱਟੀਆਂ ਦੇ ਸਰਪੰਚ ਸਰਵਜੀਤ ਨੂੰ ਪਿੰਡ ਦੇ ਨੌਜਵਾਨਾਂ ਵੱਲੋਂ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਉਹ ਮੌਕੇ ’ਤੇ ਪਹੁੰਚੇ, ਕਥਿਤ ਲੁਟੇਰੇ ਕਾਰ ਸਮੇਤ ਫਰਾਰ ਹੋ ਚੁੱਕੇ ਸਨ।