- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
5 ਚਿਹਰੇ, 4 ਪਾਰਟੀਆਂ ਤੇ ਇੱਕ ਸੀਟ, ਨਾਰਥ ’ਚ ਸਿਆਸੀ ਗਰਮਾਹਟ!

-ਹੁਣ ਬਦਲਣਗੇ ਸਮੀਕਰਨ ਜਾਂ ਵਧੇਗੀ ਟਿਕਟ ਦੀ ਜੰਗ, ਸੀਟ ਲਈ ਭੰਡਾਰੀ ਤੇ ਢਲ ਜਾਂ ਅਕਾਲੀ ਦਲ ‘ਚੋਂ ਕੌਣ ਮਾਰੇਗਾ ਬਾਜੀ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਇਕੱਠੇ ਹੋਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਇਸ ਗਠਜੋੜ ਦਾ ਅਸਰ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਕ ਪਾਸੇ ਕਾਂਗਰਸ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਜਿੱਤ ਕੇ ਆਪਣੀ ਪਕੜ ਬਣਾਈ ਬੈਠੀ ਹੈ, ਦੂਜੇ ਪਾਸੇ ਭਾਜਪਾ ਕੋਲ ਇਸ ਹਲਕੇ ਦਾ ਪੁਰਾਣਾ ਚੋਣ ਆਧਾਰ ਅਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਵਰਗਾ ਜਾਣਿਆ-ਪਛਾਣਿਆ ਚਿਹਰਾ ਹੈ। ਹੁਣ ਅਕਾਲੀ ਦਲ ਦੇ ਰਵਾਇਤੀ ਵੋਟ ਆਧਾਰ ਅਤੇ ਜਥੇਬੰਦਕ ਤਾਕਤ ਦੇ ਜੁੜਨ ਨਾਲ ਚੋਣੀ ਸਮੀਕਰਨਾਂ ਵਿੱਚ ਤਬਦੀਲੀ ਦੀ ਸੰਭਾਵਨਾ ਬਣ ਗਈ ਹੈ। ਓਧਰ ਦੂਜੇ ਪਾਸੇ ਗਠਜੋੜ ਦੇ ਐਲਾਨ ਤੋਂ ਬਾਅਦ ਜਲੰਧਰ ਦੀ ਸਿਆਸਤ ਵਿੱਚ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਜਲੰਧਰ ਨਾਰਥ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੀਟ ਕਿਸ ਪਾਰਟੀ ਦੇ ਹਿੱਸੇ ਆਵੇਗੀ ਤੇ ਸਾਂਝਾ ਉਮੀਦਵਾਰ ਕੌਣ ਹੋਵੇਗਾ। ਇਸ ਫ਼ੈਸਲੇ ਦਾ ਅਸਰ ਦੋਵਾਂ ਪਾਰਟੀਆਂ ਦੇ ਸਥਾਨਕ ਆਗੂਆਂ ਦੀ ਭੂਮਿਕਾ ’ਤੇ ਵੀ ਪਵੇਗਾ।
--------------------
ਭਾਜਪਾ ‘ਚ ਪੁਰਾਣੇ ਚਿਹਰੇ ਤੇ ਨਵੇਂ ਦਾਅਵੇਦਾਰ
ਜਲੰਧਰ ਨਾਰਥ ‘ਚ ਭਾਜਪਾ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਕੇਡੀ ਭੰਡਾਰੀ ਦਾ ਨਾਮ ਪ੍ਰਮੁੱਖਤਾ ਨਾਲ ਸਾਹਮਣੇ ਆਉਂਦਾ ਹੈ। ਉਹ 2007 ਅਤੇ 2012 ਵਿੱਚ ਇਸ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਕੋਲ ਪੁਰਾਣਾ ਸਿਆਸੀ ਨੈੱਟਵਰਕ ਅਤੇ ਇਲਾਕੇ ਵਿੱਚ ਆਪਣੀ ਪਛਾਣ ਹੈ। ਦੂਜੇ ਪਾਸੇ ਦਿਨੇਸ਼ ਢੱਲ ਵੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਹਲਕੇ ਵਿੱਚ ਆਪਣੀ ਦਾਅਵੇਦਾਰੀ ਰੱਖਦੇ ਹਨ। ਉਹ 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ ਅਤੇ ਬਾਅਦ ਵਿੱਚ ਹਲਕਾ ਇੰਚਾਰਜ ਵੀ ਰਹੇ। ਸਤੰਬਰ 2026 ਵਿੱਚ ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਸਥਾਨਕ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਤਰ੍ਹਾਂ ਗਠਜੋੜ ਤੋਂ ਬਾਅਦ ਭਾਜਪਾ ਸਾਹਮਣੇ ਵਿਰੋਧੀ ਪਾਰਟੀਆਂ ਨਾਲ ਮੁਕਾਬਲੇ ਦੇ ਨਾਲ-ਨਾਲ ਆਪਣੇ ਆਗੂਆਂ ਦੀ ਦਾਅਵੇਦਾਰੀ ਵਿਚਾਲੇ ਤਾਲਮੇਲ ਬਣਾਉਣ ਦੀ ਚੁਣੌਤੀ ਵੀ ਰਹੇਗੀ।
---------------------
ਅਕਾਲੀ ਦਲ ਕਰਕੇ ਬਦਲ ਸਕਦੈ ਸਿਆਸੀ ਗਣਿਤ
ਅਕਾਲੀ ਦਲ ਲਈ ਇਹ ਗਠਜੋੜ ਜਲੰਧਰ ਨਾਰਥ ਵਿੱਚ ਆਪਣੀ ਸਿਆਸੀ ਮੌਜੂਦਗੀ ਮਜ਼ਬੂਤ ਕਰਨ ਦਾ ਮੌਕਾ ਹੈ। ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਦੀ ਭੂਮਿਕਾ ਹੁਣ ਮਹੱਤਵਪੂਰਨ ਹੋਵੇਗੀ। ਸਵਾਲ ਇਹ ਹੈ ਕਿ ਅਕਾਲੀ ਦਲ ਆਪਣੇ ਰਵਾਇਤੀ ਵੋਟਰਾਂ ਨੂੰ ਗਠਜੋੜ ਦੇ ਸਾਂਝੇ ਉਮੀਦਵਾਰ ਦੇ ਹੱਕ ਵਿੱਚ ਕਿੰਨਾ ਸਰਗਰਮ ਕਰ ਸਕੇਗਾ। ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਪੁਰਾਣੀ ਸਾਂਝ ਮੁੜ ਕਾਇਮ ਕਰਨਾ, ਸਾਂਝੀਆਂ ਮੀਟਿੰਗਾਂ ਕਰਨਾ ਅਤੇ ਬੂਥ ਪੱਧਰ ’ਤੇ ਤਾਲਮੇਲ ਬਣਾਉਣਾ ਵੀ ਅਹਿਮ ਹੋਵੇਗਾ। ਗਠਜੋੜ ਦਾ ਐਲਾਨ ਹੋਣਾ ਇੱਕ ਗੱਲ ਹੈ ਪਰ ਜ਼ਮੀਨੀ ਪੱਧਰ ’ਤੇ ਦੋਵਾਂ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਦਾ ਇਕੱਠੇ ਕੰਮ ਕਰਨਾ ਵੱਖਰੀ ਚੁਣੌਤੀ ਹੈ।
------------------------
ਕਾਂਗਰਸ ਲਈ ਸਿਆਸੀ ਆਧਾਰ ਬਚਾਉਣਾ ਚੁਣੌਤੀ
ਜਲੰਧਰ ਨਾਰਥ ਵਿੱਚ ਕਾਂਗਰਸ ਦੀ ਪਕੜ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਹਲਕੇ ਦੀ ਸਿਆਸਤ ਵਿੱਚ ਸਰਗਰਮ ਰਿਹਾ ਹੈ। ਉਨ੍ਹਾਂ ਦੇ ਪੁੱਤਰ ਬਾਵਾ ਹੈਨਰੀ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਹੁਣ ਕਾਂਗਰਸ ਸਾਹਮਣੇ ਆਪਣਾ ਪੁਰਾਣਾ ਵੋਟ ਆਧਾਰ ਕਾਇਮ ਰੱਖਣ ਦੇ ਨਾਲ ਗਠਜੋੜ ਦੀ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਦਾ ਸਵਾਲ ਹੋਵੇਗਾ। ਹਲਕੇ ਦੇ ਵਿਕਾਸ ਕਾਰਜ, ਸਥਾਨਕ ਸਮੱਸਿਆਵਾਂ ਅਤੇ ਲੋਕਾਂ ਨਾਲ ਸੰਪਰਕ ਚੋਣੀ ਚਰਚਾ ਦੇ ਅਹਿਮ ਮੁੱਦੇ ਬਣ ਸਕਦੇ ਹਨ।
--------------------------
‘ਆਪ‘ ਨੇ ਪਹਿਲਾਂ ਹੀ ਖੋਲ੍ਹਿਆ ਪੱਤਾ
ਆਮ ਆਦਮੀ ਪਾਰਟੀ ਨੇ ਜਲੰਧਰ ਨਾਰਥ ਤੋਂ ਮੇਅਰ ਵਿਨੀਤ ਧੀਰ ਨੂੰ ਉਮੀਦਵਾਰ ਐਲਾਨ ਕੇ ਆਪਣੀ ਚੋਣ ਰਣਨੀਤੀ ਸਪੱਸ਼ਟ ਕਰ ਦਿੱਤੀ ਹੈ। ਧੀਰ ਪਹਿਲਾਂ ਹੀ ਪਾਰਟੀ ਦੀਆਂ ਸਥਾਨਕ ਸਰਗਰਮੀਆਂ ‘ਚ ਭੂਮਿਕਾ ਨਿਭਾ ਰਹੇ ਸਨ। ਹੁਣ ਉਨ੍ਹਾਂ ਸਾਹਮਣੇ ਮੇਅਰ ਵਜੋਂ ਆਪਣੇ ਕਾਰਜਕਾਲ ਅਤੇ ਸ਼ਹਿਰ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਚੋਣੀ ਚਰਚਾ ਵਿੱਚ ਲਿਆਉਣ ਦੀ ਚੁਣੌਤੀ ਹੋਵੇਗੀ। ਇਸ ਦੇ ਨਾਲ ਉਨ੍ਹਾਂ ਨੂੰ ਪਾਰਟੀ ਦੇ ਵਰਕਰਾਂ ਨੂੰ ਇਕਜੁੱਟ ਕਰਕੇ ਹਲਕੇ ਵਿੱਚ ਆਪਣੀ ਪਕੜ ਬਣਾਉਣੀ ਪਵੇਗੀ।
----------------------
ਪੁਰਾਣੇ ਨਤੀਜੇ ਦੱਸਦੇ; ਦਿਲਚਸਪ ਹੈ ਮੁਕਾਬਲਾ
ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਅੰਕੜੇ ਜਲੰਧਰ ਨਾਰਥ ਦੀ ਸਿਆਸੀ ਤਸਵੀਰ ਸਮਝਣ ਲਈ ਮਹੱਤਵਪੂਰਨ ਹਨ। ਕਾਂਗਰਸ ਦੇ ਬਾਵਾ ਹੈਨਰੀ ਨੂੰ 47,338 ਵੋਟਾਂ ਮਿਲੀਆਂ ਸਨ, ਜਦਕਿ ਭਾਜਪਾ ਦੇ ਭੰਡਾਰੀ ਨੇ 37,852 ਵੋਟਾਂ ਹਾਸਲ ਕੀਤੀਆਂ। ਆਮ ਆਦਮੀ ਪਾਰਟੀ ਦੇ ਦਿਨੇਸ਼ ਢੱਲ ਨੂੰ 32,685 ਅਤੇ ਬਸਪਾ ਦੇ ਕੁਲਦੀਪ ਸਿੰਘ ਲੁਬਾਣਾ ਨੂੰ 6,153 ਵੋਟਾਂ ਮਿਲੀਆਂ ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਕਾਂਗਰਸ ਅਤੇ ਭਾਜਪਾ ਵਿਚਾਲੇ ਵੋਟਾਂ ਦਾ ਫ਼ਰਕ 9486 ਰਿਹਾ ਸੀ। ‘ਆਪ‘ ਵੀ 32 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਮੁਕਾਬਲੇ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀ ਹੈ। ਹਾਲਾਂਕਿ ਪੁਰਾਣੇ ਅੰਕੜਿਆਂ ਨੂੰ ਸਿੱਧੇ ਤੌਰ ’ਤੇ ਜੋੜ ਕੇ 2027 ਦੇ ਨਤੀਜਿਆਂ ਦਾ ਅੰਦਾਜ਼ਾ ਲਗਾਉਣਾ ਸਹੀ ਨਹੀਂ ਹੋਵੇਗਾ। ਬਦਲੇ ਹੋਏ ਸਿਆਸੀ ਹਾਲਾਤ, ਪਾਰਟੀਆਂ ਦੀ ਨਵੀਂ ਸਾਂਝ ਅਤੇ ਉਮੀਦਵਾਰਾਂ ਦੀ ਚੋਣ ਵੋਟਾਂ ਦੇ ਸਮੀਕਰਨ ਨੂੰ ਪ੍ਰਭਾਵਿਤ ਕਰ ਸਕਦੇ ਹਨ।
-----------------------
ਸੀਟ ਭਾਜਪਾ ਦੇ ਹਿੱਸੇ ਜਾਂ ਅਕਾਲੀ ਦਲ ਦੇ?
ਗਠਜੋੜ ਤੋਂ ਬਾਅਦ ਜਲੰਧਰ ਨਾਰਥ ਦੀ ਸੀਟ ਨੂੰ ਲੈ ਕੇ ਦੋਵਾਂ ਪਾਰਟੀਆਂ ਦੀ ਰਣਨੀਤੀ ’ਤੇ ਨਜ਼ਰ ਰਹੇਗੀ। ਭਾਜਪਾ ਦਾ ਇਸ ਹਲਕੇ ਵਿੱਚ ਪੁਰਾਣਾ ਚੋਣ ਆਧਾਰ ਅਤੇ ਭੰਡਾਰੀ ਦੀਆਂ ਦੋ ਜਿੱਤਾਂ ਉਸ ਦੇ ਦਾਅਵੇ ਦਾ ਅਹਿਮ ਪੱਖ ਹਨ। ਦੂਜੇ ਪਾਸੇ ਅਕਾਲੀ ਦਲ ਦੇ ਸਥਾਨਕ ਆਗੂ ਵੀ ਆਪਣੀ ਸਿਆਸੀ ਭੂਮਿਕਾ ਅਤੇ ਹਿੱਸੇਦਾਰੀ ਚਾਹੁਣਗੇ। ਅਜਿਹੇ ਵਿੱਚ ਸੀਟਾਂ ਦੀ ਵੰਡ ਅਤੇ ਸਾਂਝੇ ਉਮੀਦਵਾਰ ਦੀ ਚੋਣ ਦੋਵਾਂ ਪਾਰਟੀਆਂ ਲਈ ਅਹਿਮ ਫ਼ੈਸਲਾ ਹੋਵੇਗੀ। ਜਦੋਂ ਤੱਕ ਅਧਿਕਾਰਤ ਤੌਰ ’ਤੇ ਸੀਟ ਦੀ ਵੰਡ ਨਹੀਂ ਹੁੰਦੀ, ਉਦੋਂ ਤੱਕ ਸਥਾਨਕ ਪੱਧਰ ’ਤੇ ਚੱਲ ਰਹੀ ਚਰਚਾ ਨੂੰ ਦਾਅਵੇਦਾਰੀ ਵਜੋਂ ਹੀ ਦੇਖਿਆ ਜਾ ਸਕਦਾ ਹੈ।
-----------------------
ਸੀਟਾਂ ਦੀ ਵੰਡ ਤੋਂ ਬਾਅਦ ਹੋਵੇਗੀ ਸਥਿਤੀ ਸਪੱਸ਼ਟ
ਅਕਾਲੀ-ਭਾਜਪਾ ਗਠਜੋੜ ਨੇ ਜਲੰਧਰ ਨਾਰਥ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਮੁਕਾਬਲੇ ਦਾ ਰੁਖ ਸਿਰਫ਼ ਪਾਰਟੀਆਂ ਦੀ ਤਾਕਤ ਨਾਲ ਨਹੀਂ, ਸਗੋਂ ਸੀਟਾਂ ਦੀ ਵੰਡ, ਉਮੀਦਵਾਰਾਂ ਦੀ ਚੋਣ, ਜਥੇਬੰਦਕ ਤਾਲਮੇਲ ਅਤੇ ਸਥਾਨਕ ਮੁੱਦਿਆਂ ਨਾਲ ਵੀ ਤੈਅ ਹੋਵੇਗਾ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਹਲਕੇ ਵਿੱਚ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਰਹਿਣਗੀਆਂ ਕਿ ਗਠਜੋੜ ਦੀ ਸੀਟ ਕਿਸ ਪਾਰਟੀ ਦੇ ਹਿੱਸੇ ਆਉਂਦੀ ਹੈ ਅਤੇ ਸਾਂਝਾ ਉਮੀਦਵਾਰ ਕੌਣ ਬਣਦਾ ਹੈ। ਇਸ ਫ਼ੈਸਲੇ ਤੋਂ ਬਾਅਦ ਹੀ ਜਲੰਧਰ ਨਾਰਥ ਦੀ ਸਿਆਸੀ ਤਸਵੀਰ ਹੋਰ ਸਪੱਸ਼ਟ ਹੋਵੇਗੀ।
---------------------
ਜਲੰਧਰ ਨਾਰਥ ਦੇ ਪੰਜ ਅਹਿਮ ਸਵਾਲ
1. ਕੀ ਭਾਜਪਾ ਆਪਣਾ ਪੁਰਾਣਾ ਹਲਕਾ ਹੋਣ ਕਰਕੇ ਸੀਟ ਆਪਣੇ ਕੋਲ ਰੱਖੇਗੀ?
2. ਭੰਡਾਰੀ ਅਤੇ ਢੱਲ ਵਿਚਾਲੇ ਟਿਕਟ ਦੀ ਦਾਅਵੇਦਾਰੀ ਕਿਵੇਂ ਤੈਅ ਹੋਵੇਗੀ?
3. ਅਕਾਲੀ ਦਲ ਦੇ ਸਥਾਨਕ ਆਗੂ ਗਠਜੋੜ ਦੇ ਉਮੀਦਵਾਰ ਲਈ ਕਿੰਨੇ ਸਰਗਰਮ ਹੋਣਗੇ?
4. ਕੀ ਕਾਂਗਰਸ ਬਾਵਾ ਹੈਨਰੀ ਦੇ ਪੁਰਾਣੇ ਚੋਣ ਆਧਾਰ ਨੂੰ ਕਾਇਮ ਰੱਖ ਸਕੇਗੀ?
5. ਕੀ ਧੀਰ ਮੇਅਰ ਵਜੋਂ ਆਪਣੇ ਕਾਰਜਕਾਲ ਨੂੰ ਚੋਣੀ ਮੁੱਦਾ ਬਣਾ ਸਕਣਗੇ?