ਖ਼ਾਲਸਾ ਕਾਲਜ ’ਚ ਕੈਂਪ ਦੌਰਾਨ 48 ਯੂਨਿਟ ਖੂਨ ਇਕੱਤਰ ਲਾਇਲਪੁਰ ਖਾਲਸਾ ਕਾਲਜ ’ਚ ਖੂਨਦਾਨ ਕੈਂਪ ਦੌਰਾਨ 48 ਯੂਨਿਟ ਖੂਨ ਇਕੱਤਰ
Publish Date: Tue, 06 Oct 2026 07:39 PM (IST)
Updated Date: Tue, 06 Oct 2026 07:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੀ ਐੱਨਐੱਸਐੱਸ ਯੂਨਿਟ ਤੇ ਰੈੱਡ ਰਿਬਨ ਕਲੱਬ ਨੇ ਬਲੱਡ ਬੈਂਕ, ਐੱਸਜੀਐੱਲ ਹਸਪਤਾਲ ਦੇ ਸਹਿਯੋਗ ਨਾਲ ਕਾਲਜ ਕੈਂਪਸ ’ਚ ਇਕ ਰੋਜ਼ਾ ਖੂਨਦਾਨ ਕੈਂਪ ਲਗਾਇਆ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕੈਂਪ ਦਾ ਉਦਘਾਟਨ ਕੀਤਾ ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਫਿਰ ਵੀ ਖੂਨਦਾਨ ਕਰਨ ਲਈ ਬਹੁਤ ਘੱਟ ਦਾਨੀ ਅੱਗੇ ਆਉਂਦੇ ਹਨ। ਉਨ੍ਹਾ ਕਿਹਾ ਕਿ ਖੂਨ ਦੀ ਲੋੜ ਮੁੱਖ ਤੌਰ ਤੇ ਸੜਕ ਹਾਦਸਿਆਂ ਦੇ ਪੀੜਤਾਂ, ਥੈਲੇਸੀਮੀਆ ਦੇ ਮਰੀਜ਼ਾਂ ਤੇ ਹੋਰ ਡਾਕਟਰੀ ਸਰਜਰੀਆਂ ਲਈ ਪੈਂਦੀ ਹੈ। ਕਈ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦਾ ਖੂਨ ਨਹੀਂ ਮਿਲਦਾ। ਐੱਨਐੱਸਐੱਸ ਯੂਨਿਟ ਦੇ ਮੁੱਖ ਪ੍ਰੋਗਰਾਮ ਅਧਿਕਾਰੀ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਐੱਨਐੱਸਐੱਸ ਵਲੰਟੀਅਰਾਂ ਨੇ ਪਲੇਕਾਰਡ ਫੜ ਕੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਕੁੱਲ 48 ਯੂਨਿਟ ਖੂਨ ਇਕੱਠਾ ਕੀਤਾ ਗਿਆ ਤੇ ਲਗਭਗ 100 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਆਪਣਾ ਹੋਮੋਗਲੋਬਿਨ ਚੈੱਕ ਕਰਵਾਇਆ। ਪ੍ਰੋ. ਹਰਸ਼ਵੀਰ ਅਰੋੜਾ, ਪ੍ਰੋ. ਸਰਬਜੀਤ ਕੌਰ, ਪ੍ਰੋ. ਸੋਨੂੰ ਗੁਪਤਾ ਤੇ ਪ੍ਰੋ. ਰਿਤਿਕਾ ਨੇ ਵੀ ਖੂਨਦਾਨ ਕੀਤਾ। ਇਸ ਸਮਾਗਮ ਦੀ ਦੇਖ-ਰੇਖ ਐੱਸਜੀਐੱਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਮੁਕੁਲ ਚੋਪੜਾ ਤੇ ਸੀਨੀਅਰ ਨਰਸਿੰਗ ਸੁਪਰਡੈਂਟ ਨਵਜੋਤ ਕੌਰ ਵੱਲੋਂ ਕੀਤੀ ਗਈ। ਕੈਂਪ ਦੌਰਾਨ ਪ੍ਰੋ. ਰੰਜੂ ਮਹਾਜਨ, ਪ੍ਰੋ. ਉਪਮਾ ਅਰੋੜਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਨਵਨੀਤ ਕੌਰ ਤੇ ਐੱਨਐੱਸਐੱਸ ਵਲੰਟੀਅਰ ਵੀ ਮੌਜੂਦ ਸਨ।