- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 22 ਨਵੰਬਰ ਤੋਂ ਹੋਵੇਗਾ ਸ਼ੁਰੂ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਦੇਸ਼ ਦਾ ਪ੍ਰਸਿੱਧ 43ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 22 ਨਵੰਬਰ ਤੋਂ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿਖੇ ਕਰਵਾਇਆ ਜਾਵੇਗਾ। ਇਹ ਫੈਸਲਾ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਆਈਏਐੱਸ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਦੀ ਮੀਟਿੰਗ ’ਚ ਲਿਆ ਗਿਆ। ਜਾਣਕਾਰੀ ਦਿੰਦਿਆਂ ਡੀਸੀ ਵਾਲੀਆ ਨੇ ਦੱਸਿਆ ਕਿ ਇਹ ਟੂਰਨਾਮੈਂਟ 22 ਤੋਂ 28 ਨਵੰਬਰ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ’ਚ ਖੇਡਿਆ ਜਾਵੇਗਾ, ਜਿਸ ’ਚ ਦੇਸ਼ ਦੀਆਂ 13 ਚੋਟੀ ਦੀਆਂ ਹਾਕੀ ਟੀਮਾਂ ਹਿੱਸਾ ਲੈਣਗੀਆਂ। ਪਿਛਲੇ ਸਾਲ ਦੀ ਜੇਤੂ ਟੀਮ ਇੰਡੀਅਨ ਆਇਲ, ਮੁੰਬਈ ਤੇ ਉਪ ਜੇਤੂ ਭਾਰਤ ਪੈਟਰੋਲੀਅਮ, ਮੁੰਬਈ ਤੋਂ ਇਲਾਵਾ ਇੰਡੀਅਨ ਨੇਵੀ, ਮੁੰਬਈ ਬੀਐੱਸਐੱਫ, ਜਲੰਧਰ ਪੀਐੱਨਬੀ, ਦਿੱਲੀ; ਸੀਏਜੀ, ਦਿੱਲੀ ਆਰਸੀਐੱਫ, ਕਪੂਰਥਲਾ ਸੀਆਰਪੀਐੱਫ, ਦਿੱਲੀ; ਆਰਮੀ-11, ਦਿੱਲੀ ਪੰਜਾਬ ਪੁਲਿਸ ਪੰਜਾਬ ਐਂਡ ਸਿੰਧ ਬੈਂਕ, ਦਿੱਲੀ ਇੰਡੀਅਨ ਏਅਰ ਫੋਰਸ ਤੇ ਇੰਡੀਅਨ ਰੇਲਵੇ, ਦਿੱਲੀ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ।
ਉਨ੍ਹਾਂ ਦੱਸਿਆ ਕਿ 11 ਟੀਮਾਂ ਨੂੰ ਚਾਰ ਪੂਲਾਂ ’ਚ ਵੰਡ ਕੇ ਸਿੱਧਾ ਲੀਗ ਪੜਾਅ ’ਚ ਦਾਖ਼ਲਾ ਦਿੱਤਾ ਗਿਆ ਹੈ, ਜਦਕਿ ਇਕ ਟੀਮ ਨਾਕਆਊਟ ਪੜਾਅ ਰਾਹੀਂ ਲੀਗ ਪੜਾਅ ’ਚ ਜਗ੍ਹਾ ਬਣਾਏਗੀ। ਸੁਰਜੀਤ ਹਾਕੀ ਸੋਸਾਇਟੀ ਦੇ ਕਾਰਜਕਾਰੀ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਨੇ 'ਸੁਰਜੀਤ ਹਾਕੀ ਦੇਖੋ ਆਲਟੋ ਕਾਰ ਜਿੱਤੋ' ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵੱਲ ਆਕਰਸ਼ਿਤ ਕਰਨ ਤੇ ਆਮ ਲੋਕਾਂ ਦੀ ਹਾਕੀ ਪ੍ਰਤੀ ਦਿਲਚਸਪੀ ਹੋਰ ਵਧਾਉਣ ਦੇ ਮਕਸਦ ਨਾਲ ਜਲੰਧਰ ਦੀ ਪ੍ਰਸਿੱਧ ਕੰਪਨੀ ਸਤਲੁਜ ਮੋਟਰਜ਼ ਪ੍ਰਾਈਵੇਟ ਲਿਮਟਿਡ ਵੱਲੋਂ ਦਰਸ਼ਕਾਂ ਲਈ ਇਕ ਮਾਰੂਤੀ ਆਲਟੋ ਏਸੀ ਕਾਰ ਸਪਾਂਸਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਖਲ ਗਰੁੱਪ, ਅਮਰੀਕਾ ਵੱਲੋਂ ਜੇਤੂ ਟੀਮ ਨੂੰ 6 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਸੁਰਜੀਤ ਹਾਕੀ ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੁਕਾਬਲਿਆਂ ਤੇ ਫਾਈਨਲ ਮੈਚ ਦਾ ਕ੍ਰਮਵਾਰ 27 ਤੇ 28 ਨਵੰਬਰ ਨੂੰ ਸਿੱਧਾ ਪ੍ਰਸਾਰਣ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਵੱਲੋਂ ਫਾਈਨਲ ਮੈਚ ਦੀ ਗੇਂਦ-ਦਰ-ਗੇਂਦ ਲਾਈਵ ਕੁਮੈਂਟਰੀ ਦਾ ਪ੍ਰਸਾਰਣ ਵੀ ਕੀਤਾ ਜਾਵੇਗਾ। ਫਾਈਨਲ ਮੈਚ ਵਾਲੇ ਦਿਨ ਇਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ, ਜਿਸ ’ਚ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਪਣੀਆਂ ਲਾਈਵ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹ ਪ੍ਰੋਗਰਾਮ ਸ਼ਾਮ 5 ਵਜੇ ਤੋਂ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਚੱਲੇਗਾ।