ਸ਼ੱਕੀ ਹਾਲਾਤ ’ਚ 38 ਸਾਲਾ ਔਰਤ ਦੀ ਮੌਤ: ਪਰਿਵਾਰ ਦੇ ਦੋਸ਼ਾਂ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ, ਜਾਂਚ ਸ਼ੁਰੂ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਭਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਮੁਲਜ਼ਮ ਨਾਲ ਕਰੀਬ 14 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ 12 ਸਾਲਾ ਪੁੱਤਰ ਵੀ ਹੈ।
Publish Date: Mon, 24 Aug 2026 12:19 PM (IST)
Updated Date: Mon, 24 Aug 2026 12:21 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਇੱਥੋਂ ਦੇ ਭਾਮੀਆਂ ਇਲਾਕੇ ਦੀ ਜੀਟੀਬੀ ਕਾਲੋਨੀ ’ਚ ਐਤਵਾਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 38 ਸਾਲਾ ਔਰਤ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕਾ ਦੇ ਭਰਾ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਜਮਾਲਪੁਰ ਪੁਲਿਸ ਨੇ ਮ੍ਰਿਤਕਾ ਦੇ ਪਤੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਭਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਮੁਲਜ਼ਮ ਨਾਲ ਕਰੀਬ 14 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ 12 ਸਾਲਾ ਪੁੱਤਰ ਵੀ ਹੈ।
ਸ਼ਿਕਾਇਤਕਰਤਾ ਮੁਤਾਬਕ ਉਸ ਨੂੰ ਉਸ ਦੀ ਭੈਣ ਦੇ ਪਤੀ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਔਰਤ ਅਚਾਨਕ ਬੇਹੋਸ਼ ਹੋ ਗਈ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।ਭਰਾ ਦੇ ਅਨੁਸਾਰ ਜਦੋਂ ਉਹ ਘਰ ਪੁੱਜਿਆ ਤਾਂ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ।
ਉਸ ਨੇ ਦੋਸ਼ ਲਾਇਆ ਕਿ ਮ੍ਰਿਤਕਾ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ ਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਨੂੰ ਉਸਦੇ ਪਤੀ ਤੇ ਸਹੁਰੇ ਪਰਿਵਾਰ ਵੱਲੋਂ ਜ਼ਹਿਰੀਲਾ ਪਦਾਰਥ ਦਿੱਤਾ।ਜਮਾਲਪੁਰ ਥਾਣੇ ਦੇ ਐੱਸਐੱਚਓ ਸਬ-ਇੰਸਪੈਕਟਰ ਪ੍ਰਮੋਦ ਰਾਜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 108 ਤਹਿਤ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਭਾਲ ਜਾਰੀ ਹੈ। ਪੁਲਿਸ ਜਾਂਚ ਤੇ ਅਗਲੀ ਕਾਰਵਾਈ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ।