ਅੱਠ ਪਰਿਵਾਰਾਂ ਨੇ ਕੀਤੀ ਇੰਡੋਨੇਸ਼ੀਆ ਦੇ ਟਾਪੂ ’ਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਅਪੀਲ ਆਸਟ੍ਰੇਲੀਆ ਦਾ ਸੁਪਨਾ ਦਿਖਾ ਕੇ ਇੰਡੋਨੇਸ਼ੀਆ ਦੇ ਟਾਪੂ ’ਤੇ ਭੇਜੇ 34 ਨੌਜਵਾਨ
Publish Date: Sun, 06 Sep 2026 09:21 PM (IST)
Updated Date: Mon, 07 Sep 2026 04:05 AM (IST)
- ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਏਜੰਟਾਂ ਨੇ ਪਰਿਵਾਰਾਂ ਤੋਂ ਠੱਗੇ ਸੀ 3 ਕਰੋੜ ਰੁਪਏ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਸਟ੍ਰੇਲੀਆ ’ਚ ਰੁਜ਼ਗਾਰ ਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ 34 ਨੌਜਵਾਨਾਂ ਦੇ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਤੋਂ ਇੰਡੋਨੇਸ਼ੀਆਂ ਦੇ ਟਾਪੂ ਦਿਲੀ ਤਿਮੋਰ-ਲੇਸਤੇ ’ਚ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਦੇ ਅੱਠ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰ ਕੇ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਹਨੀ ਦਿਨੀ ਸੰਤ ਸੀਚੇਵਾਲ ਇੰਗਲੈਂਡ ਵਿੱਚ ਹਨ ਪਰ ਉਹ ਫਿਰ ਵੀ ਪੰਜਾਬ ਸਾਰੋਕਾਰਾਂ ਨਾਲ ਜੁੜ ਹੋਏ ਹਨ। ਉੱਥੋਂ ਹੀ ਉਨ੍ਹਾਂ ਭਾਰਤ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਇਨ੍ਹਾਂ ਨੌਜਵਾਨਾਂ ਦੀ ਭਾਰਤ ਵਾਪਸੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਰਮਲ ਕੁਟੀਆ ਪੁੱਜੇ ਇਨ੍ਹਾਂ 8 ਪੀੜਤ ਪਰਿਵਾਰਾਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਆਸਟ੍ਰੇਲੀਆ ’ਚ ਰੁਜ਼ਗਾਰ ਦਿਵਾਉਣ ਦਾ ਭਰੋਸਾ ਦੇ ਕੇ ਹਰੇਕ ਪਰਿਵਾਰ ਤੋਂ ਕਰੀਬ 5 ਤੋਂ 11 ਲੱਖ ਰੁਪਏ ਤੱਕ ਦੀ ਰਕਮ ਲਈ ਗਈ, ਜੋ ਕੁੱਲ 3 ਕਰੋੜ ਦੇ ਕਰੀਬ ਬਣਦੀ ਹੈ। ਇਸ ਤੋਂ ਬਾਅਦ ਨੌਜਵਾਨਾਂ ਨੂੰ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 2 ਤੋਂ 6 ਦਿਨਾਂ ਦੇ ਸਫਰ ਤੋਂ ਬਾਅਦ ਬਾਲੀ ਤੇ ਮਲੇਸ਼ੀਆ ਰਾਹੀਂ ਦਿਲੀ ਤਿਮੋਰ-ਲੇਸਤੇ ਭੇਜਿਆ ਗਿਆ। ਜਿੱਥੇ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਪਿੰਡ ਬਾਘਾਪੁਰਾਣਾ ਦੇ ਰਹਿਣ ਵਾਲੇ ਵਿਜੈ ਨਾਮਕ ਵਿਅਕਤੀ ਹਵਾਲੇ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਦੇ ਪਾਸਪੋਰਟ ਆਪਣੇ ਕਬਜ਼ੇ ’ਚ ਲੈ ਲਏ ਗਏ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਉੱਥੇ ਬੰਦੀ ਬਣਾ ਕਿ ਰੱਖਿਆ ਗਿਆ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਵਾਪਸ ਮਿਲੇ। ਇਸ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਵਿਜੈ ਨਾਮਕ ਵਿਅਕਤੀ ਨੂੰ ਹਿਰਾਸਤ ’ਚ ਲਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹੁਣ ਤੱਕ ਕਰੀਬ 10 ਨੌਜਵਾਨ ਆਪਣੇ ਯਤਨਾਂ ਤੇ ਖਰਚੇ ’ਤੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ 34 ਨੌਜਵਾਨ ਅਜੇ ਵੀ ਤਿਮੋਰ-ਲੇਸਤੇ ’ਚ ਫਸੇ ਹੋਏ ਦੱਸੇ ਜਾ ਰਹੇ ਹਨ। ਫਸੇ ਨੌਜਵਾਨਾਂ ’ਚ ਮੋਗਾ ਦੇ 8, ਜਲੰਧਰ ਦੇ 7, ਫਿਰੋਜ਼ਪੁਰ ਦੇ 6, ਲੁਧਿਆਣਾ ਦੇ 5, ਫਾਜ਼ਿਲਕਾ ਦੇ 2 ਅਤੇ ਤਰਨਤਾਰਨ, ਕਪੂਰਥਲਾ, ਪਟਿਆਲਾ ਤੇ ਜਲਾਲਾਬਾਦ ਨਾਲ ਸਬੰਧਤ ਇਕ-ਇਕ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਜਦਕਿ ਇਕ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਹੈ। ਵਾਪਸ ਪਰਤੇ ਨੌਜਵਾਨਾਂ ਨੇ ਸੁਣਾਈ ਹੱਡਬੀਤੀ ਜਲੰਧਰ ਦੇ ਸੰਦੀਪ ਸਿੰਘ ਤੇ ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ 10 ਨੌਜਵਾਨ ਲੰਮੇ ਸੰਘਰਸ਼ ਤੋਂ ਬਾਅਦ ਭਾਰਤ ਪਰਤੇ ਹਨ। ਉਨ੍ਹਾਂ ਦੱਸਿਆ ਕਿ ਪਾਸਪੋਰਟ ਖੋਹਣ ਤੋਂ ਬਾਅਦ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਸੀ ਤੇ ਮਰਜ਼ੀ ਦੇ ਵਿਰੁੱਧ ਕੰਮ ਕਰਵਾਇਆ ਜਾਂਦਾ ਸੀ। ਉਨ੍ਹਾਂ ਨੂੰ ਉੱਥੇ ਇਕ ਤਰ੍ਹਾਂ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਨੌਜਵਾਨਾਂ ਨੇ ਦਾਅਵਾ ਕੀਤਾ ਕਿ ਵਿਜੈ ਵੱਲੋਂ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਉੱਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ।