ਆਦਮਪੁਰ ਹਵਾਈ ਅੱਡੇ ’ਤੇ ਸਥਾਪਨਾ ਦਿਵਸ ਮਨਾਇਆ
ਆਦਮਪੁਰ ਹਵਾਈ ਅੱਡੇ ’ਤੇ 31ਵਾਂ ਸਥਾਪਨਾ ਦਿਵਸ ਮਨਾਇਆ
Publish Date: Thu, 02 Apr 2026 07:09 PM (IST)
Updated Date: Thu, 02 Apr 2026 07:13 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹਵਾਈ ਅੱਡਾ, ਆਦਮਪੁਰ ਨੇ ਮੰਗਲਵਾਰ ਨੂੰ 31ਵਾਂ ਸਥਾਪਨਾ ਦਿਵਸ ਮਨਾਇਆ। ਸਮਾਗਮ ਦਾ ਉਦਘਾਟਨ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਵੱਲੋਂ ਦੀਪਾ ਬਾਲ ਕੇ ਕੀਤਾ। ਨਿਰਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੀ ਸਥਾਪਨਾ ਪਹਿਲੀ ਅਪ੍ਰੈਲ 1995 ਨੂੰ ਸੰਸਦ ਐਕਟ ਤਹਿਤ ਕੀਤੀ ਗਈ ਸੀ, ਜਿਸ ’ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਹਵਾਈ ਅੱਡਾ ਅਥਾਰਟੀਆਂ ਨੂੰ ਇਕੱਠਾ ਕੀਤਾ ਗਿਆ। ਵਿੱਤੀ ਸਾਲ 2025-26 ਦੌਰਾਨ ਏਏਆਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 93.21 ਸਕੋਰ ਨਾਲ ਉੱਚ ਰੇਟਿੰਗ ਹਾਸਲ ਕੀਤੀ।
ਇਸ ਸਮੇਂ ਦੌਰਾਨ ਪਟਨਾ, ਦਤੀਆ, ਸਤਨਾ, ਟੂਟੀਕੋਰਿਨ, ਪੂਰਨੀਆ ਅਤੇ ਹਲਵਾਰਾ ’ਚ ਨਵੇਂ ਟਰਮੀਨਲ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਹਨ, ਜਦਕਿ ਬਿਹਟਾ ਤੇ ਕੋਟਾ-ਬੁੰਡੀ ’ਚ ਨਵੇਂ ਸਿਵਲ ਐਨਕਲੇਵਾਂ ਦੀ ਨੀਂਹ ਰੱਖੀ ਗਈ। ਡਿਜੀ ਯਾਤਰਾ ਸਹੂਲਤ 24 ਹਵਾਈ ਅੱਡਿਆਂ ’ਤੇ ਲਾਗੂ ਕੀਤੀ ਗਈ ਹੈ, ਜੋ ਚਿਹਰਾ ਪਛਾਣ ਤਕਨਾਲੋਜੀ ਰਾਹੀਂ ਯਾਤਰਾ ਨੂੰ ਆਸਾਨ ਬਣਾਉਂਦੀ ਹੈ। ਯਾਤਰੀਆਂ ਦੀ ਸੁਵਿਧਾ ਲਈ ਲਾਇਬ੍ਰੇਰੀ, ਮੁਫ਼ਤ ਵਾਈ-ਫਾਈ, ਬੱਚਿਆਂ ਲਈ ਖੇਡ ਜੋਨ ਤੇ ਉਡਾਨ ਯਾਤਰੀ ਕੈਫੇ ਵਰਗੀਆਂ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਸਸਟੇਨੇਬਲ ਗ੍ਰੀਨ ਏਅਰਪੋਰਟ ਮਿਸ਼ਨ ਤਹਿਤ 94 ਹਵਾਈ ਅੱਡੇ 100 ਫੀਸਦੀ ਹਰੀ ਊਰਜਾ ‘ਤੇ ਚੱਲ ਰਹੇ ਹਨ, ਜਿਸ ਨਾਲ ਲਗਭਗ 1,230 ਕਰੋੜ ਦੀ ਬਾਲਣ ਬਚਤ ਤੇ 3.87 ਲੱਖ ਟਨ ਸੀਓ ਨਿਕਾਸ ’ਚ ਕਮੀ ਆਈ ਹੈ। ਸਮਾਗਮ ਦੇ ਅੰਤ ’ਤੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਤੇ ਸਾਂਝੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਏਏਆਈ ਤੇ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।