
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੋਡੇ ਚੂਰਾ ਪੋਸਤ ਤੇ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਸੀਆਈਏ ਸਟਾਫ ਦੀਆਂ ਟੀਮਾਂ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਡੋਡੇ ਚੂਰਾ ਪੋਸਤ ਤੇ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 18 ਅਗਸਤ ਨੂੰ ਐੱਸਆਈ ਕਸ਼ਮੀਰ ਸਿੰਘ ਦੀ ਅਗਵਾਈ ਵਾਲੀ ਟੀਮ ਥਾਣਾ ਪਤਾਰਾ ਦੇ ਇਲਾਕੇ ’ਚ ਗਸ਼ਤ ਕਰਨ ਉਪਰੰਤ ਜਲੰਧਰ-ਹੁਸ਼ਿਆਰਪੁਰ ਰੋਡ ਰਾਹੀਂ ਸੀ.ਆਈ.ਏ. ਸਟਾਫ਼ ਜੰਡੂ ਸਿੰਘਾ ਵੱਲ ਵਾਪਸ ਆ ਰਹੀ ਸੀ। ਜਦੋਂ ਮੱਛੀ ਗੇਟ ਸਾਹਮਣੇ ਪਿੰਡ ਜੌਹਲ ਨੇੜੇ ਪੁੱਜੀ ਤਾਂ ਦੋ ਚਿੱਟੇ ਰੰਗ ਦੀਆਂ ਗੱਡੀਆਂ ਸ਼ੱਕੀ ਹਾਲਾਤ ’ਚ ਖੜ੍ਹੀਆਂ ਮਿਲੀਆਂ। ਦੋਵੇਂ ਗੱਡੀਆਂ ਨੂੰ ਘੇਰ ਕੇ ਚਾਲਕਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਹੁੰਡਈ ਆਈ-20 ’ਚ ਬੈਠੇ ਵਿਅਕਤੀ ਦੀ ਪਛਾਣ ਅਮਰਜੀਤ ਸਿੰਘ ਉਰਫ਼ ਚੀਮਾ ਵਾਸੀ ਪਿੰਡ ਟੋਟੀ, ਥਾਣਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਤੇ ਜਦਕਿ ਹੁੰਡਈ ਕਰੇਟਾ ’ਚ ਬੈਠੇ ਵਿਅਕਤੀ ਦੀ ਪਛਾਣ ਕੁਲਦੀਪ ਸਿੰਘ ਉਰਫ਼ ਦੀਪ ਵਾਸੀ ਬਾਵਨ, ਥਾਣਾ ਬਾਵਨ, ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਵਜੋਂ ਹੋਈ। ਗੱਡੀਆਂ ਦੀ ਤਲਾਸ਼ੀ ਲੈਣ ’ਤੇ ਹਰੇਕ ਗੱਡੀ ਵਿੱਚੋਂ ਤਿੰਨ-ਤਿੰਨ ਪਲਾਸਟਿਕ ਦੇ ਗੱਟੇ ਬਰਾਮਦ ਹੋਏ। ਵਜ਼ਨ ਕਰਨ ’ਤੇ 90 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ। ਇਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਪਤਾਰਾ, ਜ਼ਿਲ੍ਹਾ ਜਲੰਧਰ-ਦਿਹਾਤੀ ’ਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚੋਂ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਅਮਰਜੀਤ ਸਿੰਘ ਉਰਫ਼ ਚੀਮਾ ਤੇ ਕੁਲਦੀਪ ਸਿੰਘ ਉਰਫ਼ ਦੀਪ ਨੇ ਦੱਸਿਆ ਕਿ ਉਹ ਆਪਸ ’ਚ ਰਿਸ਼ਤੇਦਾਰ ਹਨ ਤੇ ਲੰਬੇ ਸਮੇਂ ਤੋਂ ਡੋਡੇ ਚੂਰਾ ਪੋਸਤ ਵੇਚਣ ਦਾ ਕੰਮ ਕਰਦੇ ਆ ਰਹੇ ਹਨ। ਬਰਾਮਦ ਕੀਤਾ ਗਿਆ ਡੋਡੇ ਚੂਰਾ ਪੋਸਤ ਉਨ੍ਹਾਂ ਵੱਲੋਂ ਨੀਮਚ, ਮੱਧ ਪ੍ਰਦੇਸ਼ ਦੇ ਇੱਕ ਢਾਬੇ ਤੋਂ ਲਿਆਂਦਾ ਗਿਆ ਸੀ ਤੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਨਾ ਸੀ। ਇਹ ਵੀ ਸਾਹਮਣੇ ਆਇਆ ਕਿ ਅਮਰਜੀਤ ਸਿੰਘ ਉਰਫ਼ ਚੀਮਾ ਖ਼ਿਲਾਫ਼ ਨਸ਼ਾ ਤਸਕਰੀ ਪੰਜ ਮਾਮਲੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਸੇ ਤਰ੍ਹਾਂ ਸੀਆਈੲ ਸਟਾਫ ਦੀ ਦੂਜੀ ਟੀਮ ਏ.ਐੱਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ’ਚ ਕਰਤਾਰਪੁਰ ਵੱਲ ਗਸ਼ਤ ਕਰ ਰਹੀ ਸੀ ਤਾਂ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਇਕ ਨੌਜਵਾਨ ਸ਼ੱਕੀ ਹਾਲਾਤ ’ਚ ਖੜ੍ਹਾ ਦਿਖਾਈ ਦਿੱਤਾ, ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਖਿਸਕਣ ਲੱਗਾ, ਜਿਸ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਗੁਰਦਿੱਤ ਸਿੰਘ ਉਰਫ਼ ਨੰਦਾ ਵਾਸੀ ਪਿੰਡ ਡੋਗਰਾਂਵਾਲ, ਥਾਣਾ ਸੁਭਾਨਪੁਰ, ਜ਼ਿਲ੍ਹਾ ਕਪੂਰਥਲਾ ਦੱਸਿਆ। ਤਲਾਸ਼ੀ ਲੈਣ ’ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਨੂੰ ਗ੍ਰਿਫਤਾਰ ਕਰਕੇ ਥਾਣਾ ਮਕਸੂਦਾਂ, ਜ਼ਿਲ੍ਹਾ ਜਲੰਧਰ-ਦਿਹਾਤੀ ਵਿਖੇ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਨੰਦਾ ਨੇ ਦੱਸਿਆ ਕਿ ਉਹ ਪਹਿਲਾਂ ਹੇਅਰ ਡ੍ਰੈਸਰ ਵਜੋਂ ਕੰਮ ਕਰਦਾ ਸੀ ਤੇ ਆਰਥਿਕ ਤੰਗੀ ਕਾਰਨ ਹੈਰੋਇਨ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੋ ਗਿਆ। ਸਾਲ 2024 ’ਚ ਥਾਣਾ ਸਿਟੀ ਕਪੂਰਥਲਾ ’ਚ 100 ਗ੍ਰਾਮ ਹੈਰੋਇਨ ਨਾਲ ਸਬੰਧਤ ਮੁਕੱਦਮਾ ਦਰਜ ਹੋਇਆ ਸੀ। ਇਸ ਮਾਮਲੇ ’ਚ ਉਹ ਕਰੀਬ ਦੋ ਮਹੀਨੇ ਕਪੂਰਥਲਾ ਜੇਲ੍ਹ ’ਚ ਰਿਹਾਅ ਤੇ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਹੋ ਗਿਆ। ਮੁਲਜ਼ਮ ਨੇ ਅੱਗੇ ਦੱਸਿਆ ਕਿ ਜੇਲ੍ਹ ’ਚ ਉਸ ਦੀ ਜਾਣ-ਪਛਾਣ ਸੁੱਖ ਨਾਮ ਦੇ ਵਿਅਕਤੀ ਨਾਲ ਹੋਈ। ਉਸ ਨੇ ਉਸ ਨਾਲ ਮਿਲ ਕੇ ਮੁੜ ਹੈਰੋਇਨ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਪੁੱਛਗਿੱਛ ਕਰ ਕੇ ਨਸ਼ਾ ਤਸਕਰੀ ਰਾਹੀਂ ਹਾਸਲ ਕੀਤੀਆਂ ਚੱਲ ਤੇ ਅਚੱਲ ਜਾਇਦਾਦਾਂ ਦੀ ਵੀ ਪਛਾਣ ਕੀਤੀ ਜਾਵੇਗੀ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।