ਜਲੰਧਰ ’ਚ ਦਿਲਜੀਤ ਦੁਸਾਂਝ ਦੇ ਪਿੰਡ ’ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਗ੍ਰਿਫ਼ਤਾਰ
ਤਿੰਨੇ ਮੁਲਜ਼ਮ ਮੋਗਾ ਦੇ ਰਹਿਣ ਵਾਲੇ, ਮੂੰਹ ਬੰਨ੍ਹ ਕੇ ਆਏ ਸਨ ਚਾਰ ਤੋਂ ਪੰਜ ਵਿਅਕਤੀ; ਗੁਆਂਢੀ ਦੀ ਝਿੜਕ ਤੋਂ ਬਾਅਦ ਮੌਕੇ ਤੋਂ ਭੱਜੇ ਸਨ
Publish Date: Fri, 16 Oct 2026 04:32 PM (IST)
Updated Date: Fri, 16 Oct 2026 04:36 PM (IST)
ਜਾਗਰਣ ਸੰਵਾਦਦਾਤਾ, ਜਲੰਧਰ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪਿੰਡ ਦੋਸਾਂਝ ਕਲਾਂ ’ਚ ਕੰਧ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ’ਚ ਜਲੰਧਰ ਦਿਹਾਤੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਤੇ ਸ਼ਗਨਦੀਪ ਸਿੰਘ ਵਜੋਂ ਹੋਈ ਹੈ। ਤਿੰਨੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਉਨ੍ਹਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਪੁਲਿਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਨਾਲ ਜੁੜੀ ਹੋਰ ਜਾਣਕਾਰੀ ਸਾਂਝੀ ਕਰ ਸਕਦੀ ਹੈ।
ਦਿਲਜੀਤ ਦੇ ਘਰ ਦੀ ਬਜਾਏ ਗੁਆਂਢੀ ਦੀ ਕੰਧ ’ਤੇ ਲਿਖੇ ਸਨ ਨਾਅਰੇ
ਇਹ ਮਾਮਲਾ 7 ਅਕਤੂਬਰ ਦਾ ਹੈ। ਦਿਲਜੀਤ ਦੋਸਾਂਝ ਦੇ ਆਰਾ ਇੰਡੀਆ ਟੂਰ ਤੋਂ ਪਹਿਲਾਂ ਦੋਸਾਂਝ ਕਲਾਂ ’ਚ ਕੁਝ ਲੋਕਾਂ ਨੇ ਇੱਕ ਘਰ ਦੀ ਕੰਧ ’ਤੇ ਸਪਰੇਅ ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖ ਦਿੱਤੇ ਸਨ। ਕੰਧ ਦੇ ਹੇਠਾਂ ਦਿਲਜੀਤ ਦੋਸਾਂਝ ਦਾ ਨਾਂ ਵੀ ਲਿਖਿਆ ਗਿਆ ਸੀ।
ਸ਼ੁਰੂ ’ਚ ਇਸ ਮਾਮਲੇ ਨੂੰ ਦਿਲਜੀਤ ਦੇ ਘਰ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਸੀ, ਪਰ ਬਾਅਦ ’ਚ ਪਤਾ ਲੱਗਾ ਕਿ ਜਿਸ ਕੰਧ ’ਤੇ ਨਾਅਰੇ ਲਿਖੇ ਗਏ ਸਨ, ਉਹ ਉਨ੍ਹਾਂ ਦੇ ਗੁਆਂਢੀ ਦਾ ਘਰ ਸੀ। ਦਿਲਜੀਤ ਦਾ ਘਰ ਸੜਕ ਦੇ ਦੂਜੇ ਪਾਸੇ ਸਥਿਤ ਹੈ।
ਗੁਆਂਢੀ ਨੇ ਝਿੜਕਿਆ ਤਾਂ ਭੱਜ ਗਏ ਸਨ ਮੁਲਜ਼ਮ
ਘਰ ਦੇ ਮਾਲਕ ਮੁਖਤਿਆਰ ਨੇ ਦੱਸਿਆ ਸੀ ਕਿ ਰਾਤ ਨੂੰ ਜਦੋਂ ਸਪਰੇਅ ਦੀ ਬਦਬੂ ਘਰ ਦੇ ਅੰਦਰ ਤੱਕ ਆਉਣ ਲੱਗੀ ਤਾਂ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਬਾਹਰ ਜਾ ਕੇ ਦੇਖਿਆ ਤਾਂ ਚਾਰ ਤੋਂ ਪੰਜ ਵਿਅਕਤੀ ਮੂੰਹ ਬੰਨ੍ਹ ਕੇ ਕੰਧ ’ਤੇ ਕੁਝ ਲਿਖ ਰਹੇ ਸਨ। ਜਦੋਂ ਉਨ੍ਹਾਂ ਨੇ ਮੁਲਜ਼ਮਾਂ ਨੂੰ ਝਿੜਕਿਆ ਤਾਂ ਉਹ ਉੱਥੋਂ ਭੱਜ ਗਏ।
ਬਾਅਦ ’ਚ ਉਨ੍ਹਾਂ ਨੇ ਕੰਧ ’ਤੇ ਲਿਖੇ ਨਾਅਰੇ ਦੇਖੇ, ਜਿਨ੍ਹਾਂ ’ਚ ਦਿਲਜੀਤ ਦੋਸਾਂਝ ਦਾ ਨਾਂ ਵੀ ਸ਼ਾਮਲ ਸੀ। ਮੁਖਤਿਆਰ ਨੇ ਦੱਸਿਆ ਸੀ ਕਿ ਉਹ ਦਿਹਾੜੀਦਾਰ ਮਜ਼ਦੂਰ ਹਨ। ਕੰਧ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਲਗਪਗ ਪੰਜ ਤੋਂ ਸੱਤ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਹੁਣ ਪੁਲਿਸ ਨੇ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਘਟਨਾ ਦੇ ਪਿੱਛੇ ਦੇ ਮਕਸਦ ਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।