- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ’ਤੇ ਕੂੜਾ ਸੁੱਟ ਰਹੇ 25 ਹਜ਼ਾਰ ਲੋਕ, ਦੁਕਾਨਦਾਰਾਂ ਦੇ ਕੱਟੇ ਜਾਣਗੇ ਚਲਾਨ, ਨਿਗਮ ਨੇ ਸਰਵੇ ਸ਼ੁਰੂ ਕੀਤਾ

ਇਲਾਕਿਆਂ ਤੇ ਬਾਜ਼ਾਰਾਂ ਦੀ ਪਛਾਣ ਕਰਨ ਲਈ ਨਿਗਮ ਨੇ ਸ਼ਹਿਰ ’ਚ ਸ਼ੁਰੂ ਕੀਤਾ ਸਰਵੇ
ਜਾਗਰਣ ਸੰਵਾਦਦਾਤਾ, ਜਲੰਧਰ : ਸ਼ਹਿਰ ’ਚ ਅਜੇ ਵੀ ਕਰੀਬ 25 ਹਜ਼ਾਰ ਲੋਕ ਸੜਕਾਂ ’ਤੇ ਕੂੜਾ ਸੁੱਟ ਰਹੇ ਹਨ। ਇਨ੍ਹਾਂ ’ਚ ਪ੍ਰਮੁੱਖ ਬਾਜ਼ਾਰਾਂ ਦੇ ਵੱਡੀ ਗਿਣਤੀ ’ਚ ਦੁਕਾਨਦਾਰ ਵੀ ਸ਼ਾਮਲ ਹਨ। ਨਗਰ ਨਿਗਮ ਵੱਲੋਂ ਇਨ੍ਹਾਂ ਦੀ ਪਛਾਣ ਕਰਕੇ ਲੋਕਾਂ ਨੂੰ ਕੂੜਾ ਰੈਗ ਪਿਕਰਾਂ ਨੂੰ ਦੇਣ ਦੀ ਅਪੀਲ ਕੀਤੀ ਜਾਵੇਗੀ। ਅਜਿਹਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਜਿਨ੍ਹਾਂ ਰਿਹਾਇਸ਼ੀ ਇਲਾਕਿਆਂ ਵਿਚ ਸੜਕਾਂ ’ਤੇ ਕੂੜਾ ਆ ਰਿਹਾ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਕਾਲੋਨੀਆਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਹਨ। ਇਨ੍ਹਾਂ ਵਿੱਚੋਂ ਬਹੁਤੇ ਇਲਾਕੇ ਸਲੱਮ ਦੱਸੇ ਜਾ ਰਹੇ ਹਨ, ਜਿੱਥੇ ਰੈਗ ਪਿਕਰ ਘਰਾਂ ਤੋਂ ਕੂੜਾ ਲੈਣ ਨਹੀਂ ਜਾਂਦੇ ਕਿਉਂਕਿ ਲੋਕ ਕੂੜਾ ਚੁਕਵਾਉਣ ਲਈ ਪੈਸੇ ਨਹੀਂ ਦਿੰਦੇ। ਅਜਿਹੇ ਇਲਾਕਿਆਂ ਤੇ ਬਾਜ਼ਾਰਾਂ ਦੀ ਪਛਾਣ ਕਰਨ ਲਈ ਨਿਗਮ ਨੇ ਸ਼ਹਿਰ ਵਿਚ ਸਰਵੇ ਸ਼ੁਰੂ ਕਰ ਦਿੱਤਾ ਹੈ। ਬਾਜ਼ਾਰਾਂ ਵਿੱਚ ਵੀ ਰਾਤ ਸਮੇਂ ਦੁਕਾਨਾਂ ਦੇ ਬਾਹਰ ਕੂੜਾ ਸੁੱਟਿਆ ਜਾਂਦਾ ਹੈ, ਜਿਸ ਕਾਰਨ ਸ਼ਹਿਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਨਿਗਮ ਨੇ ਪਿਛਲੇ ਕੁਝ ਸਮੇਂ ਦੌਰਾਨ ਇਹ ਪਛਾਣ ਕੀਤੀ ਹੈ ਕਿ ਕਈ ਇਲਾਕਿਆਂ ਵਿੱਚ ਸੜਕਾਂ ਦੇ ਕਿਨਾਰਿਆਂ ਤੋਂ ਕੂੜਾ ਚੁੱਕ ਲਿਆ ਜਾਂਦਾ ਹੈ ਪਰ ਅਗਲੇ ਹੀ ਦਿਨ ਲੋਕ ਮੁੜ ਕੂੜਾ ਸੁੱਟ ਦਿੰਦੇ ਹਨ। ਨਿਗਮ ਦੇ ਨਵੇਂ ਕਮਿਸ਼ਨਰ ਸੁਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਅਜਿਹੇ ਇਲਾਕਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਨ੍ਹਾਂ ਇਲਾਕਿਆਂ ’ਚ ਸੜਕਾਂ ਦੇ ਕਿਨਾਰਿਆਂ ’ਤੇ ਕੂੜਾ ਮਿਲ ਰਿਹਾ ਹੈ, ਉਨ੍ਹਾਂ ਦੇ ਆਸ-ਪਾਸ ਦੇ ਇਲਾਕਿਆਂ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਕਿ ਉੱਥੇ ਕੂੜਾ ਇਕੱਠਾ ਕਰਨ ਲਈ ਕੋਈ ਰੈਗ ਪਿਕਰ ਆ ਰਿਹਾ ਹੈ ਜਾਂ ਨਹੀਂ। ਜਿਨ੍ਹਾਂ ਇਲਾਕਿਆਂ ਵਿੱਚ ਰੈਗ ਪਿਕਰ ਨਹੀਂ ਹੋਣਗੇ ਤੇ ਬਾਜ਼ਾਰਾਂ ਵਿੱਚ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੋਵੇਗਾ, ਉੱਥੇ ਨਿਗਮ ਵੱਲੋਂ ਨਵੇਂ ਪ੍ਰਬੰਧ ਕੀਤੇ ਜਾਣਗੇ। ਬਾਜ਼ਾਰਾਂ ’ਚ ਇਹ ਮੁਹਿੰਮ ਖ਼ਾਸ ਤੌਰ ’ਤੇ ਚਲਾਈ ਜਾਵੇਗੀ ਅਤੇ ਸੜਕਾਂ ’ਤੇ ਕੂੜਾ ਸੁੱਟਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ ਜਾਣਗੇ। ਬਾਜ਼ਾਰਾਂ ’ਚ ਸੜਕਾਂ ’ਤੇ ਕੂੜਾ ਸੁੱਟਣ ਨਾਲ ਸੀਵਰੇਜ ਸਿਸਟਮ ’ਤੇ ਵੀ ਅਸਰ ਪੈਂਦਾ ਹੈ। ਪਲਾਸਟਿਕ ਅਤੇ ਪਾਲੀਥੀਨ ਸੀਵਰੇਜ ਵਿੱਚ ਜਾਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੁੰਦੀ ਹੈ।
--------------------------------
ਸਲੱਮ ਇਲਾਕਿਆਂ ’ਚ ਜਾਗਰੂਕਤਾ, ਬਾਜ਼ਾਰਾਂ ’ਚ ਕੱਟੇ ਜਾਣਗੇ ਚਲਾਨ
ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਸਰਵੇ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਇਲਾਕਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਿਨ੍ਹਾਂ ਸਲੱਮ ਬਸਤੀਆਂ ਵਿੱਚ ਕੂੜਾ ਕੁਲੈਕਸ਼ਨ ਨਹੀਂ ਹੋ ਰਿਹਾ, ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਨੂੰ ਸਮਝਾਇਆ ਜਾਵੇਗਾ ਕਿ ਉਹ ਕੂੜਾ ਚੁਕਵਾਉਣ ਲਈ ਰੈਗ ਪਿਕਰ ਨੂੰ ਨਿਰਧਾਰਤ ਫੀਸ ਦੇਣ ਤਾਂ ਜੋ ਨਿਯਮਿਤ ਤੌਰ ’ਤੇ ਕੂੜਾ ਇਕੱਠਾ ਕੀਤਾ ਜਾ ਸਕੇ। ਉੱਥੇ ਹੀ ਬਾਜ਼ਾਰਾਂ ਲਈ ਸਖ਼ਤੀ ਵਧਾਈ ਜਾ ਰਹੀ ਹੈ। ਨਿਗਮ ਹੁਣ ਬਾਜ਼ਾਰਾਂ ’ਚ ਚਲਾਨ ਕੱਟਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਪਹਿਲੇ ਪੜਾਅ ਵਿੱਚ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਜਾਵੇਗੀ ਅਤੇ ਨਾ ਮੰਨਣ ’ਤੇ ਚਲਾਨ ਕੱਟ ਕੇ ਜੁਰਮਾਨਾ ਵਸੂਲਿਆ ਜਾਵੇਗਾ। ਇਸ ਸਬੰਧੀ ਪੂਰਾ ਪਲਾਨ ਨਿਗਮ ਕਮਿਸ਼ਨਰ ਵੱਲੋਂ ਤੈਅ ਕੀਤਾ ਜਾਵੇਗਾ।
------------------------------
ਸ਼ਹਿਰ ’ਚ 100 ਹੋਰ ਰੈਗ ਪਿਕਰਾਂ ਦੀ ਲੋੜ
ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਰੈਗ ਪਿਕਰ ਨਹੀਂ ਪਹੁੰਚ ਰਹੇ ਅਤੇ ਬਾਜ਼ਾਰਾਂ ਵਿੱਚ ਜਿੱਥੇ ਕੂੜਾ ਨਹੀਂ ਚੁੱਕਿਆ ਜਾ ਰਿਹਾ, ਉੱਥੇ ਨਿਗਮ ਵੱਲੋਂ ਨਵੇਂ ਪ੍ਰਬੰਧ ਕੀਤੇ ਜਾਣਗੇ। ਬਾਜ਼ਾਰਾਂ ਵਿੱਚ ਇਹ ਮੁਹਿੰਮ ਖ਼ਾਸ ਤੌਰ ’ਤੇ ਚਲਾਈ ਜਾਵੇਗੀ ਤਾਂ ਜੋ ਸੜਕਾਂ ’ਤੇ ਕੂੜਾ ਸੁੱਟਣ ਦੀ ਆਦਤ ’ਤੇ ਰੋਕ ਲੱਗ ਸਕੇ ਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ। ਇਸ ਸਮੇਂ ਸ਼ਹਿਰ ਵਿੱਚ ਕਰੀਬ 870 ਰੈਗ ਪਿਕਰ ਘਰਾਂ ਅਤੇ ਕਮਰਸ਼ੀਅਲ ਯੂਨਿਟਾਂ ਤੋਂ ਕੂੜਾ ਚੁੱਕ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਨਵੇਂ ਇਲਾਕਿਆਂ ਦੀ ਪਛਾਣ ਹੋਣ ਤੋਂ ਬਾਅਦ ਘੱਟੋ-ਘੱਟ 100 ਹੋਰ ਰੈਗ ਪਿਕਰਾਂ ਦੀ ਲੋੜ ਪਵੇਗੀ।
----------------------------------
ਸਾਲ 2012 ਤੋਂ ਨਿਗਮ ਬਾਜ਼ਾਰਾਂ ’ਚ ਨਹੀਂ ਕਰ ਸਕਿਆ ਕੂੜਾ ਚੁੱਕਣ ਦਾ ਪ੍ਰਬੰਧ
ਸਾਲ 2011 ਵਿੱਚ ਠੇਕਾ ਰੱਦ ਕਰਨ ਦੇ ਐਲਾਨ ਤੋਂ ਪਹਿਲਾਂ ਜਿੰਦਲ ਇਨਫਰਾਸਟਰੱਕਚਰ ਕੰਪਨੀ ਕਮਰਸ਼ੀਅਲ ਅਦਾਰਿਆਂ ਤੋਂ ਕੂੜਾ ਚੁੱਕ ਰਹੀ ਸੀ। ਜਿੰਦਲ ਕੰਪਨੀ ਇਸ ਦੇ ਬਦਲੇ ਚੰਗੀ ਫੀਸ ਵਸੂਲ ਕਰਦੀ ਸੀ। ਉਸ ਤੋਂ ਬਾਅਦ ਨਿਗਮ ਵੱਲੋਂ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਸ਼ਹਿਰ ’ਚ ਢਾਬਿਆਂ, ਹੋਟਲਾਂ, ਸਟ੍ਰੀਟ ਫੂਡ, ਰਿਜ਼ੋਰਟਾਂ ਤੇ ਰੈਸਟੋਰੈਂਟਾਂ ਦਾ ਕਾਰੋਬਾਰ ਕਈ ਗੁਣਾ ਵਧ ਗਿਆ ਹੈ ਪਰ ਇਨ੍ਹਾਂ ਦਾ ਕੂੜਾ ਚੁੱਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹੋਇਆ। ਇਸ ਕਾਰਨ ਵੱਡੀ ਗਿਣਤੀ ’ਚ ਕਮਰਸ਼ੀਅਲ ਯੂਨਿਟਾਂ ਦਾ ਕੂੜਾ ਡੰਪਾਂ ’ਤੇ ਪਹੁੰਚ ਰਿਹਾ ਹੈ ਤੇ ਨਿਗਮ ਨੂੰ ਇਸ ਤੋਂ ਕੋਈ ਫੀਸ ਨਹੀਂ ਮਿਲ ਰਹੀ। ਕਈ ਵਾਰ ਛੋਟੇ ਫੂਡ ਵਿਕਰੇਤਾ ਕੂੜਾ ਸੜਕਾਂ ਦੇ ਕਿਨਾਰੇ ਹੀ ਸੁੱਟ ਦਿੰਦੇ ਹਨ। ਬਾਜ਼ਾਰਾਂ ਵਿੱਚ ਵੀ ਕੂੜਾ ਚੁੱਕਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਰੈਗ ਪਿਕਰ ਸੜਕਾਂ ’ਤੇ ਸੁੱਟੇ ਕੂੜੇ ਵਿੱਚੋਂ ਸਿਰਫ਼ ਆਪਣੇ ਕੰਮ ਦੀਆਂ ਚੀਜ਼ਾਂ ਹੀ ਚੁੱਕਦੇ ਹਨ। ਅਜਿਹੇ ’ਚ ਨਿਗਮ ਨੂੰ ਟਰਾਲੀਆਂ ਭੇਜ ਕੇ ਕੂੜਾ ਚੁੱਕਣਾ ਪੈਂਦਾ ਹੈ। ਬਾਜ਼ਾਰਾਂ ਵਿੱਚ ਥਾਂ-ਥਾਂ ਕੂੜੇ ਦੇ ਛੋਟੇ-ਛੋਟੇ ਢੇਰ ਲੱਗੇ ਹੋਏ ਮਿਲਦੇ ਹਨ।