- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦਾਸਪੁਰ ਦਾ 24 ਸਾਲਾ ਨੌਜਵਾਨ 668 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

-ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ :
ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਇਕ ਨੌਜਵਾਨ ਕੋਲੋਂ 668 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਤਸਕਰੀ ਲਈ ਵਰਤਿਆ ਗਿਆ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਫੜੇ ਗਏ ਵਿਅਕਤੀ ਦੀ ਪਛਾਣ 24 ਸਾਲਾ ਬੂਟਾ ਸਿੰਘ ਵਾਸੀ ਪਿੰਡ ਮੁਨਣ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਸ ਦੇ ਨਸ਼ਾ ਸਪਲਾਈ ਨੈੱਟਵਰਕ ਦਾ ਪਤਾ ਲਾਇਆ ਜਾ ਸਕੇ। ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੂੰ ਸੂਚਨਾ ਮਿਲੀ ਸੀ ਕਿ ਹੋਰ ਜ਼ਿਲ੍ਹਿਆਂ ਤੋਂ ਆਉਣ ਵਾਲੇ ਤਸਕਰ ਭੋਗਪੁਰ ਇਲਾਕੇ ’ਚ ਵੱਡੀ ਮਾਤਰਾ ’ਚ ਹੈਰੋਇਨ ਸਪਲਾਈ ਕਰ ਰਹੇ ਹਨ। ਇਸ ਦੇ ਆਧਾਰ 'ਤੇ ਏਐੱਸਆਈ ਸੁਭਾਸ਼ ਕੁਮਾਰ ਦੀ ਅਗਵਾਈ ’ਚ ਪੁਲਿਸ ਦੀ ਇਕ ਟੀਮ ਨੂੰ 14 ਨਵੰਬਰ, 2026 ਨੂੰ ਇਲਾਕੇ ’ਚ ਗਸ਼ਤ ਕਰਨ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਲਈ ਭੇਜਿਆ ਗਿਆ।
ਜਲੰਧਰ-ਪਠਾਨਕੋਟ ਹਾਈਵੇਅ 'ਤੇ ਆਦਮਪੁਰ ਤੋਂ ਭੋਗਪੁਰ ਵੱਲ ਜਾਂਦੇ ਸਮੇਂ ਪੁਲਿਸ ਟੀਮ ਨੇ ਪਿੰਡ ਕੁਰੇਸ਼ੀਆਂ ਨੇੜੇ ਸੜਕ ਕਿਨਾਰੇ ਇਕ ਸੁੰਨਸਾਨ ਥਾਂ 'ਤੇ ਇਕ ਵਿਅਕਤੀ ਨੂੰ ਕਾਲੇ ਰੰਗ ਦੇ ਮੋਟਰਸਾਈਕਲ ਨਾਲ ਖੜ੍ਹੇ ਦੇਖਿਆ। ਪੁਲਿਸ ਦੀ ਗੱਡੀ ਦੇਖ ਕੇ ਉਹ ਵਿਅਕਤੀ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਨੇ ਪਿੱਛਾ ਕਰਕੇ ਮੌਕੇ 'ਤੇ ਹੀ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੀ ਪਛਾਣ ਬੂਟਾ ਸਿੰਘ ਵਜੋਂ ਦੱਸੀ। ਜਦੋਂ ਪੁਲਿਸ ਨੇ ਉਸਦੇ ਕਾਲੇ ਰੰਗ ਦੇ ਮੋਟਰਸਾਈਕਲ ਨੰਬਰ ਪੀਬੀ-06-ਬੀਕਿਊ-2761 ਦੀ ਤਲਾਸ਼ੀ ਲਈ ਤਾਂ ਸੀਟ ਦੇ ਹੇਠਾਂ ਲੁਕਾ ਕੇ ਰੱਖੀ ਗਈ 668 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਭੋਗਪੁਰ ਥਾਣੇ ’ਚ ਐੱਨਡੀਪੀਐੱਸ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ।
------------------------
ਜਲਦੀ ਅਮੀਰ ਬਣਨ ਲਈ ਨਸ਼ਾ ਤਸਕਰੀ ਦਾ ਰਾਹ ਚੁਣਿਆ
ਪੁਲਿਸ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਤੇ ਬਾਅਦ ’ਚ ਮਜ਼ਦੂਰੀ ਕਰਨ ਲੱਗ ਪਿਆ ਸੀ। ਉਹ ਪੁਲਿਸ ਭਰਤੀ ਦੀ ਤਿਆਰੀ ਵੀ ਕਰ ਰਿਹਾ ਸੀ। ਪੁਲਿਸ ਅਨੁਸਾਰ ਮੁਲਜ਼ਮ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ, ਜਿਸ ’ਚ ਲੜਾਈ-ਝਗੜੇ ਤੇ ਅਸਲਾ ਐਕਟ ਦੀ ਉਲੰਘਣਾ ਦੇ ਮਾਮਲੇ ਸ਼ਾਮਲ ਹਨ। ਉਹ 2024 ’ਚ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਜਲਦੀ ਪੈਸਾ ਕਮਾਉਣ ਦੀ ਲਾਲਸਾ ਕਾਰਨ, ਉਸਨੇ ਕਥਿਤ ਤੌਰ 'ਤੇ ਹੈਰੋਇਨ ਦੀ ਤਸਕਰੀ ਸ਼ੁਰੂ ਕਰ ਦਿੱਤੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਰਹੱਦੀ ਇਲਾਕੇ ਤੋਂ ਸਸਤੇ ਭਾਅ 'ਤੇ ਹੈਰੋਇਨ ਖਰੀਦਦਾ ਸੀ ਤੇ ਇਸਨੂੰ ਭੋਗਪੁਰ ਤੇ ਜਲੰਧਰ ਦੇ ਆਸ-ਪਾਸ ਦੇ ਕਸਬਿਆਂ ’ਚ ਸਪਲਾਈ ਕਰਦਾ ਸੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ।