
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਓਵਰਟੇਕ ਕਰ ਰਹੀ ਕਾਰ ਦੀ ਮੋਟਰਸਾਈਕਲ ਤੇ ਐਕਟਿਵਾ ਨਾਲ ਟੱਕਰ, ਦੋਵੇਂ ਸਵਾਰ ਗੰਭੀਰ ਜ਼ਖਮੀ

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ-ਆਦਮਪੁਰ ਜੀਟੀ ਰੋਡ ’ਤੇ ਪਿੰਡ ਦੌਲਤਪੁਰ ਨੇੜੇ ਇਕ ਕਾਰ ਦੀ ਮੋਟਰਸਾਈਕਲ ਤੇ ਐਕਟਿਵਾ ਨਾਲ ਟੱਕਰ ਹੋ ਗਈ। ਹਾਦਸੇ ’ਚ ਮੋਟਰਸਾਈਕਲ ਸਵਾਰ ਤੇ ਸਕੂਟਰ ਸਵਾਰ ਔਰਤ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਾਰ ਨੰਬਰ ਪੀਬੀ-05 ਏਡੀ-8569, ਜਿਸ ਨੂੰ ਅਮਨ ਨਾਂ ਦਾ ਵਿਅਕਤੀ ਚਲਾ ਰਿਹਾ ਸੀ, ਹੁਸ਼ਿਆਰਪੁਰ ਤੋਂ ਆ ਰਹੀ ਸੀ ਤੇ ਫਿਰੋਜ਼ਪੁਰ ਵੱਲ ਜਾ ਰਹੀ ਸੀ। ਜਦੋਂ ਕਾਰ ਦੌਲਤਪੁਰ ਨੇੜੇ ਪਹੁੰਚੀ ਤਾਂ ਇਸ ਦੀ ਮੋਟਰਸਾਈਕਲ ਨੰਬਰ ਪੀਬੀ-08-ਈਐੱਮ-1217 ਨਾਲ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਵਿਅਕਤੀ ਕੱਥੂ ਨੰਗਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਉਸ ਪਿੱਛੇ ਆ ਰਿਹਾ ਸਕੂਟਰ ਸਵਾਰ ਔਰਤ, ਜੋ ਅਲਾਵਲਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਵੀ ਹਾਦਸੇ ਦੀ ਲਪੇਟ ’ਚ ਆ ਗਈ। ਕਾਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਦਰੱਖਤਾਂ ’ਚ ਜਾ ਫਸੀ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਕਾਫ਼ੀ ਦੂਰ ਤੱਕ ਉਛਲ ਗਿਆ। ਜ਼ਖਮੀਆਂ ਨੂੰ ਨਿੱਜੀ ਵਾਹਨ ਰਾਹੀਂ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਪਹੁੰਚਾਇਆ। ਕਾਰ ’ਚ ਸਵਾਰ ਚਾਰ ਵਿਅਕਤੀ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਕੀ ਅਲਾਵਲਪੁਰ ਦੀ ਟੀਮ ਮੌਕੇ ’ਤੇ ਪੁੱਜੀ। ਚੌਕੀ ਇੰਚਾਰਜ ਏਐੱਸਆਈ ਰਵਿੰਦਰ ਸਿੰਘ ਵੱਲੋਂ ਹਾਦਸੇ ਦੇ ਕਾਰਨਾਂ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।