ਹੈਰੋਇਨ ਦੀ ਖੇਪ ਸਮੇਤ 2 ਗ੍ਰਿਫ਼ਤਾਰ ਹੈਰੋਇਨ ਦੀ ਖੇਪ ਸਮੇਤ 2 ਗ੍ਰਿਫ਼ਤਾਰ
Publish Date: Mon, 19 Oct 2026 08:27 PM (IST)
Updated Date: Mon, 19 Oct 2026 08:30 PM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ ਪੰਜਾਬ ’ਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਐਂਟੀ-ਨਾਰਕੋਟਿਕਸ ਟਾਸਕ ਫੋਰਸ ਜਲੰਧਰ ਰੇਂਜ ਨੇ ਫਿਰੋਜ਼ਪੁਰ ’ਚ ਦੋ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਕੋਲੋਂ ਕੁੱਲ 1.524 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਆਈਜੀ ਸਰੋਆ ਨੇ ਦੱਸਿਆ ਕਿ ਜਾਂਚ ਅਧਿਕਾਰੀ ਐੱਸਆਈ ਆਕਾਸ਼ਵੀਰ ਸਿੰਘ ਦੀ ਅਗਵਾਈ ’ਚ ਇਕ ਟੀਮ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਥਾਣੇ ਅਧੀਨ ਆਉਂਦੇ ਪਿੰਡ ਅਰਾਈਵਾਲਾ ’ਚ ਦਿ ਗ੍ਰੈਂਡ ਮੈਰੀ ਵਿਲਾ ਨੇੜੇ ਨਾਕਾਬੰਦੀ ਦੌਰਾਨ ਇਹ ਕਾਰਵਾਈ ਕੀਤੀ। ਇਸ ਦੌਰਾਨ ਪੁਲਿਸ ਨੇ ਦੋ ਸ਼ੱਕੀਆਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਬਸਤੀ ਕਰੀਮਵਾਲਾ, ਮੱਖੂ ਤੇ ਅਰਸ਼ਦੀਪ ਸਿੰਘ ਮੱਖੂ ਗੇਟ ਚੌਕ, ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕੋਲੋਂ 1.018 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਅਰਸ਼ਦੀਪ ਸਿੰਘ ਕੋਲੋਂ 506 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ---------------------------- ਵਾਧੂ ਪੈਸੇ ਕਮਾਉਣ ਲਈ ਤਸਕਰੀ ’ਚ ਹੋਏ ਸ਼ਾਮਲ ਮਾਮਲੇ ਬਾਰੇ ਵੇਰਵੇ ਦਿੰਦਿਆਂ, ਏਆਈਜੀ ਜਗਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ 12ਵੀਂ ਜਮਾਤ ਤੱਕ ਪੜ੍ਹੇ-ਲਿਖੇ ਹਨ ਤੇ ਖੇਤੀਬਾੜੀ ਦਾ ਕੰਮ ਕਰਦੇ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਵਾਧੂ ਪੈਸੇ ਕਮਾਉਣ ਤੇ ਆਪਣੀਆਂ ਨਿੱਜੀ ਇੱਛਾਵਾਂ ਪੂਰੀਆਂ ਕਰਨ ਲਈ ਨਸ਼ਾ ਤਸਕਰੀ ਦੇ ਧੰਦੇ ’ਚ ਸ਼ਾਮਲ ਹੋਏ ਸਨ। ਦੋਵਾਂ ਖ਼ਿਲਾਫ਼ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਜਾਂਚ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਸੰਭਾਵਿਤ ਸਬੰਧਾਂ ਦਾ ਵੀ ਪਤਾ ਲਾਇਆ ਜਾਵੇਗਾ।