ਗੋਲਡੀ ਬਰਾੜ ਦੇ ਨਾਂਅ ’ਤੇ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਦੋ ਗ੍ਰਿਫ਼ਤਾਰ
ਗੋਲਡੀ ਬਰਾੜ ਦੇ ਨਾਮ ’ਤੇ 2 ਕਰੋੜ ਦੀ ਫਿਰੋਤੀ ਮੰਗਣ ਵਾਲੇ 2 ਮੁਲਜ਼ਮ ਗ੍ਰਿਫਤਾਰ
Publish Date: Sun, 29 Mar 2026 06:21 PM (IST)
Updated Date: Mon, 30 Mar 2026 04:06 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਐੱਸਪੀ ਇਨਵੈਸਟੀਗੇਸ਼ਨ ਵਿਨੀਤ ਅਹਲਾਵਤ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਟੀਮ ਵੱਲੋਂ ਪਿੰਡ ਸ਼ੰਕਰ ’ਚ ਰਹਿੰਦੇ ਇਕ ਐੱਨਆਰਆਈ ਬਜ਼ੁਰਗ ਜੋੜੇ ਤੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ 2 ਮੁਲਜ਼ਮਾਂ ਨੂੰ ਟ੍ਰੇਸ ਕਰ ਕੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ 21 ਮਾਰਚ ਨੂੰ ਬਲਜਿੰਦਰ ਕੌਰ ਵਾਸੀ ਪਿੰਡ ਸ਼ੰਕਰ, ਥਾਣਾ ਸਦਰ ਨਕੋਦਰ ਨੇ ਦਰਖ਼ਾਸਤ ਦਿੱਤੀ ਕਿ ਮਿਤੀ 12 ਜਨਵਰੀ ਨੂੰ ਕਰੀਬ 11:30 ਵਜੇ ਰਾਤ ਸਮੇਂ ਉਸ ਦੇ ਪਤੀ ਨੂੰ ਇਕ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ, ਜਿਸ ’ਚ ਕਾਲਰ ਨੇ ਖ਼ੁਦ ਨੂੰ ਗੋਲਡੀ ਬਰਾੜ ਗਰੁੱਪ ਨਾਲ ਸਬੰਧਤ ਦੱਸਦਿਆਂ 2 ਕਰੋੜ ਦੀ ਮੰਗ ਕੀਤੀ ਤੇ 10 ਦਿਨਾਂ ’ਚ ਪੈਸੇ ਤਿਆਰ ਰੱਖਣ ਲਈ ਕਿਹਾ, ਨਹੀਂ ਤਾਂ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ। ਇਸ ਤੋਂ ਬਾਅਦ 21 ਮਾਰਚ ਨੂੰ ਉਸ ਦੇ ਪੁੱਤਰ ਰਣਜੀਤ ਸਿੰਘ, ਜੋ ਕਿ ਵਿਦੇਸ਼ ’ਚ ਰਹਿੰਦਾ ਹੈ, ਨੇ ਦੱਸਿਆ ਕਿ ਉਸ ਨੂੰ ਵੀ ਇਕ ਵਿਦੇਸ਼ੀ ਨੰਬਰ ਤੋਂ ਕਾਲ ਤੇ ਵ੍ਹਟਸਐਪ ਮੈਸੇਜ ਪ੍ਰਾਪਤ ਹੋਇਆ, ਜਿਸ ’ਚ ਇਕ ਦਿਨ ’ਚ 1.5 ਕਰੋੜ ਦੀ ਮੰਗ ਕੀਤੀ ਗਈ ਤੇ ਧਮਕੀ ਦਿੱਤੀ ਗਈ ਕਿ ਪਿੰਡ ਸ਼ੰਕਰ ’ਚ ਉਸਦੇ ਘਰ ’ਤੇ ਗੋਲੀਆਂ ਚਲਾਈਆਂ ਜਾਣਗੀਆਂ। ਦੋਸ਼ੀਆਂ ਵੱਲੋਂ ਉਸ ਦੀ ਜਾਇਦਾਦ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ’ਚ ਇਕ ਫਾਰਚੂਨਰ ਗੱਡੀ ਤੇ ਵੱਡੀ ਕੋਠੀ ਦਾ ਜ਼ਿਕਰ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਨੰਬਰ 53 ਮਿਤੀ 21.03.2026 ਅਧੀਨ ਧਾਰਾ 308(5), 3(5) ਬੀਐੱਨਐੱਸ ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ’ਚ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਦਾ ਪੁੱਤਰ ਰਣਜੀਤ ਸਿੰਘ ਵਿਦੇਸ਼ ’ਚ ਰਹਿੰਦਾ ਹੈ, ਜਦਕਿ ਉਸ ਦੇ ਬਜ਼ੁਰਗ ਮਾਤਾ-ਪਿਤਾ ਪਿੰਡ ਸ਼ੰਕਰ ’ਚ ਰਹਿੰਦੇ ਹਨ। ਦੋਸ਼ੀ ਤੀਰਥ ਸਿੰਘ, ਜੋ ਕਿ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਹੈ ਤੇ ਕੈਨੇਡਾ ਦਾ ਵਸਨੀਕ ਹੈ, ਫਰਵਰੀ ਮਹੀਨੇ ’ਚ ਆਪਣੇ ਪਰਿਵਾਰ ਸਮੇਤ ਭਾਰਤ ਆਇਆ ਸੀ। ਉਸ ਨੇ ਜਸ਼ਨਦੀਪ ਸਿੰਘ ਉਰਫ ਜਸ਼ਨ, ਜੋ ਕਿ ਪਿੰਡ ਧਰਮਕੋਟ ਦਾ ਟੈਕਸੀ ਡਰਾਈਵਰ ਹੈ, ਨਾਲ ਮਿਲ ਕੇ ਸਾਜ਼ਿਸ਼ ਰਚੀ। ਤੀਰਥ ਸਿੰਘ ਵੱਲੋਂ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਤੇ ਜਾਇਦਾਦ ਬਾਰੇ ਅੰਦਰੂਨੀ ਜਾਣਕਾਰੀ ਦਿੱਤੀ ਗਈ। ਦੋਸ਼ੀਆਂ ਨੇ ਧਮਕੀਆਂ ਦੇ ਕੇ ਪੈਸੇ ਵਸੂਲ ਕਰਨ ਦੀ ਯੋਜਨਾ ਬਣਾਈ। ਯੋਜਨਾ ਅਨੁਸਾਰ ਜਸ਼ਨਦੀਪ ਸਿੰਘ ਨੂੰ 25 ਲੱਖ ਤੇ ਤੀਰਥ ਸਿੰਘ ਨੂੰ 1.25 ਕਰੋੜ ਮਿਲਣੇ ਸਨ। ਜਸ਼ਨਦੀਪ ਸਿੰਘ ਵੱਲੋਂ ਆਨਲਾਈਨ ਅੰਤਰਰਾਸ਼ਟਰੀ ਸਿਮ ਪ੍ਰਾਪਤ ਕਰ ਕੇ ਆਪਣੇ ਘਰ ਤੋਂ ਹੀ ਕਾਲਾਂ ਤੇ ਮੈਸੇਜ ਭੇਜੇ ਜਾਂਦੇ ਸਨ। ਤੀਰਥ ਸਿੰਘ, ਜੋ ਕਿ ਵਿਦੇਸ਼ ’ਚ ਟਰਾਂਸਪੋਰਟ ਦਾ ਚੰਗਾ ਕਾਰੋਬਾਰ ਕਰਦਾ ਹੈ, ਪੈਸੇ ਦੇ ਲਾਲਚ ’ਚ ਆ ਕੇ ਇਸ ਅਪਰਾਧ ’ਚ ਸ਼ਾਮਲ ਹੋ ਗਿਆ। ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।