ਕਬਾੜ ’ਚ ਤਬਦੀਲ ਹੋਣ ਲੱਗੇ ਨਿਗਮ ’ਚ ਖੜ੍ਹੇ 17 ਸੀਐੱਨਜੀ ਫੋਰਵ੍ਹੀਲਰ
ਨਗਰ ਨਿਗਮ ’ਚ ਖੜੇ 17 ਸੀਐੱਨਜੀ ਫੋਰਵ੍ਹੀਲਰ ਰੁਲ ਰਹੇ ਹਨ, ਅਜੇ ਤੱਕ ਸੜਕ ’ਤੇ ਨਹੀਂ ਉਤਰੇ
Publish Date: Thu, 02 Apr 2026 06:58 PM (IST)
Updated Date: Thu, 02 Apr 2026 07:01 PM (IST)
-ਪਿਛਲੇ ਤਿੰਨ ਮਹੀਨੇ ਤੋਂ ਖੜ੍ਹੇ ਹਨ ਫੋਰਵ੍ਹੀਲਰ ਟੈਂਪੂ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੇ ਵਿਹੜੇ ’ਚ ਲਗਪਗ 3 ਮਹੀਨੇ ਪਹਿਲਾਂ ਆਏ ਨਵੇਂ 17 ਸੀਐੱਨਜੀ ਫੋਰਵ੍ਹੀਲਰਾਂ ਦੀ ਵੱਖ-ਵੱਖ ਬ੍ਰਾਂਚਾਂ ਨੂੰ ਵੰਡ ਹੋ ਸਕੀ ਹੈ, ਇਹ ਕੰਡਮ ਹੋਣ ਲੱਗੇ ਹਨ। ਉਕਤ ਵਾਹਨ ਜਿਥੇ ਖੜ੍ਹੇ ਹਨ, ਉਥੇ ਸੀਐੱਨਜੀ ਸਿਟੀ ਬੱਸ ਦਾ ਚਾਰਜਿੰਗ ਸਟੇਸ਼ਨ ਤੇ ਵਰਕਸ਼ਾਪ ਬਣਨ ਜਾ ਰਹੀ ਹੈ। ਇਸ ਤੋਂ ਇਲਾਵਾ ਦੋ ਸਕਾਈ ਲਿਫਟਾਂ ਦੀ ਵੀ ਅਲਾਟਮੈਂਟ ਤਾਂ ਹੋਈ ਪਰ ਉਨ੍ਹਾਂ ਦੀਆਂ ਚਾਬੀਆਂ ਹੀ ਗੁੰਮ ਹੋ ਗਈਆਂ ਹਨ। ਉਕਤ ਨਵੀਂ ਮਸ਼ੀਨਰੀ ਦਾ ਚਾਰਜ ਓਐਂਡਐੱਮ ਦੀ ਐੱਸਡੀਓ ਸਕਸ਼ੀ ਕੋਲ ਸੀ, ਜਿਸ ਦੀ ਹੁਣ ਬਦਲੀ ਹੋ ਚੁੱਕੀ ਹੈ ਤੇ ਉਹ ਬ੍ਰਾਂਚ ਦਾ ਚਾਰਜ ਕਿਸੇ ਹੋਰ ਦੇ ਕੇ ਗਏ ਹਨ। ਇਸ ਕਾਰਨ ਹੁਣ ਵਾਹਨ ਤੇ ਲਿਫਟਾਂ ਦਾ ਕੋਈ ਵਾਲੀ-ਵਾਰਸ ਨਹੀਂ ਹੈ।
---
ਅਲਾਟਮੈਂਟ ਛੇਤੀ, ਜਸਪਾਲ ਸਿੰਘ
ਇਸ ਦੌਰਾਨ ਨਗਰ ਨਿਗਮ ਦੀ ਓਐਂਡਐੱਮ ਬ੍ਰਾਂਚ ਦੇ ਐੱਸਈ ਜਸਪਾਲ ਸਿੰਘ ਅਨੁਸਾਰ ਉਕਤ ਸੀਐੱਨਜੀ ਫੋਰਵ੍ਹੀਲਰਾਂ ਦੀ ਵੰਡ 4 ਵਿਧਾਨ ਸਭਾ ਹਲਕਿਆਂ ਅਨੁਸਾਰ ਕੀਤੀ ਜਾਣੀ ਹੈ ਤੇ ਛੇਤੀ ਹੀ ਹਰ ਹਲਕੇ ’ਚ 4-4 ਫੋਰਵ੍ਹੀਲਰ ਅਲਾਟ ਕੀਤੇ ਜਾਣਗੇ। ਇਨ੍ਹਾਂ ਨੂੰ ਚਲਾਉਣ ਲਈ ਡਰਾਈਵਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਐੱਸਈ ਅਨੁਸਾਰ ਉਕਤ ਫੋਰਵ੍ਹੀਲਰਾਂ ਦੀ ਛੇਤੀ ਹੀ ਵੰਡ ਕੀਤੀ ਜਾ ਰਹੀ ਹੈ ਤੇ 5 ਫੋਲਵ੍ਹੀਲਰ ਹੈਲਥ ਬ੍ਰਾਂਚ ਨੂੰ ਅਲਾਟ ਕੀਤੇ ਗਏ ਸਨ, ਜੋ ਉਕਤ ਬ੍ਰਾਂਚ ਲੈ ਗਈ ਹੈ।
---
ਲਿਫਟ ਦੀਆਂ ਚਾਬੀਆਂ ਗੁੰਮ
ਇਸ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਨੇ ਜਿਹੜੀਆਂ ਦੋ ਨਵੀਆਂ ਸਕਾਈ ਲਿਫਟਾਂ ਮੰਗਵਾਈਆਂ ਹਨ। ਉਨ੍ਹਾਂ ਦੀਆਂ ਚਾਬੀਆਂ ਗੁੰਮ ਹੋਣ ਕਾਰਨ ਉਕਤ ਦੋਵੇਂ ਨਿਗਮ ਦੇ ਵਿਹੜੇ ’ਚ ਖੜ੍ਹੀਆਂ ਹਨ। ਇਸ ਦੌਰਾਨ ਐੱਸਈ ਜਸਪਾਲ ਸਿੰਘ ਨੇ ਕਿਹਾ ਹੈ ਕਿ ਨਵੀਆਂ ਚਾਬੀਆਂ ਮੰਗਵਾਈਆਂ ਜਾ ਰਹੀਆਂ ਹਨ।
---
ਡੀਜ਼ਲ ਦਾ ਵਧੀਆ ਬਦਲ ਸੀਐੱਨਜੀ
ਜੇ ਸੀਐੱਨਜੀ ਫੋਰਵ੍ਹੀਲਰਾਂ ਰਾਹੀਂ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਡੀਜ਼ਲ ਦੀ ਵਧੇਰੇ ਬੱਚਤ ਹੋਵੇਗੀ ਤੇ ਨਾਲ ਹੀ ਨਗਰ ਨਿਗਮ ਦਾ ਤੇਲ ਦਾ ਖਰਚਾ ਵੀ ਘਟ ਜਾਵੇਗਾ।