ਰੀੜ੍ਹ ਦੇ ਟੇਢੇਪਨ ਤੇ ਕੁੱਬੇਪਨ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸ਼ੁਰੂ ਐੱਸਜੀਐੱਲ ਹਸਪਤਾਲ ’ਚ ਰੀੜ੍ਹ ਦੀ ਹੱਡੀ ਦੇ ਟੇਢੇਪਨ ਤੇ ਕੁੱਬੇਪਨ ਦਾ 16ਵਾਂ ਮੁਫ਼ਤ ਅਪਰੇਸ਼ਨ ਕੈਂਪ ਸ਼ੁਰੂ
Publish Date: Tue, 13 Oct 2026 08:31 PM (IST)
Updated Date: Tue, 13 Oct 2026 08:32 PM (IST)
---ਅਮਰੀਕਾ ਤੋਂ ਆਈ ਡਾਕਟਰਾਂ ਦੀ ਟੀਮ ਕਰੇਗੀ ਲੋੜਵੰਦ ਮਰੀਜ਼ਾਂ ਦਾ ਇਲਾਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ ਵੱਲੋਂ ਚਲਾਏ ਜਾ ਰਹੇ ਐੱਸਜੀਐੱਲ ਸੁਪਰ ਸਪੈਸ਼ਲਟੀ ਚੈਰੀਟੇਬਲ ਹਸਪਤਾਲ ਵਿਖੇ ਸਟੈਂਡਿੰਗ ਸਟਰੇਟ ਇਨਕਾਰਪੋਰੇਸ਼ਨ, ਅਮਰੀਕਾ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਰੀੜ੍ਹ ਦੀ ਹੱਡੀ ਦੇ ਟੇਢੇਪਨ ਤੇ ਕੁੱਬੇਪਨ ਦੇ ਇਲਾਜ ਲਈ 16ਵਾਂ ਮੁਫ਼ਤ ਅਪਰੇਸ਼ਨ ਕੈਂਪ ਸ਼ੁਰੂ ਕੀਤਾ ਗਿਆ ਹੈ। ਇਹ ਕੈਂਪ 19 ਅਕਤੂਬਰ ਤੱਕ ਜਾਰੀ ਰਹੇਗਾ। ਇਸ ਮੌਕੇ ਹਸਪਤਾਲ ਦੇ ਵਾਈਸ ਚੇਅਰਮੈਨ ਤੇ ਸੀਈਓ ਮਨਿੰਦਰ ਪਾਲ ਸਿੰਘ ਰਿਆੜ ਨੇ ਸਟੈਂਡਿੰਗ ਸਟਰੇਟ ਦੇ ਸੀਈਓ ਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾ. ਰਵੀ ਬੈਂਸ ਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਆ ਕੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਇਸ ਉਪਰਾਲੇ ਦਾ ਸਿਹਰਾ ਸੰਸਥਾ ਦੇ ਫਾਊਂਡਰ ਚੇਅਰਮੈਨ ਸੁਆਮੀ ਬਾਬਾ ਕਸ਼ਮੀਰਾ ਸਿੰਘ ਦੀ ਪ੍ਰੇਰਨਾ ਨੂੰ ਦਿੰਦਿਆਂ ਕਿਹਾ ਕਿ ਸੰਸਥਾ ਦਾ ਉਦੇਸ਼ ਕਿਸੇ ਵੀ ਗਰੀਬ ਤੇ ਲੋੜਵੰਦ ਨੂੰ ਇਲਾਜ ਤੋਂ ਵਾਂਝਾ ਨਾ ਰਹਿਣ ਦੇਣਾ ਹੈ। ਰਿਆੜ ਨੇ ਦੱਸਿਆ ਕਿ ਸਾਲ 2015 ਤੋਂ ਚੱਲ ਰਹੀ ਇਸ ਸੇਵਾ ਤਹਿਤ ਹੁਣ ਤੱਕ 150 ਤੋਂ ਵੱਧ ਮਰੀਜ਼ਾਂ ਦੇ ਰੀੜ੍ਹ ਦੀ ਹੱਡੀ ਦੇ ਮੁਫ਼ਤ ਅਪਰੇਸ਼ਨ ਕੀਤੇ ਜਾ ਚੁੱਕੇ ਹਨ। ਇਸ ਵਾਰ ਵੀ ਕੈਂਪ ਲਈ ਕਈ ਮਰੀਜ਼ਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ’ਚੋਂ 32 ਤੋਂ ਵੱਧ ਮਰੀਜ਼ਾਂ ਦੀ ਮੁੱਢਲੀ ਜਾਂਚ ਕੀਤੀ ਜਾ ਚੁੱਕੀ ਹੈ। ਜਾਂਚ ਤੋਂ ਬਾਅਦ ਯੋਗ ਪਾਏ ਜਾਣ ਵਾਲੇ ਮਰੀਜ਼ਾਂ ਦਾ ਮੁਫ਼ਤ ਇਲਾਜ ਤੇ ਅਪਰੇਸ਼ਨ ਕੀਤਾ ਜਾਵੇਗਾ। ਕੈਂਪ ਦੌਰਾਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਡਾਕਟਰਾਂ ਦੀ ਟੀਮ ਤੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਦੀ ਕਾਮਨਾ ਕੀਤੀ।