13ਵਾਂ ਰਣਜੀਤ ਸਿੰਘ ਖੜਗ ਐਵਾਰਡ ਹਰਵਿੰਦਰ ਸਿੰਘ ਖ਼ਾਲਸਾ ਨੂੰ ਪ੍ਰਦਾਨ
13ਵਾਂ ਰਣਜੀਤ ਸਿੰਘ ਖੜਗ ਅਵਾਰਡ ਹਰਵਿੰਦਰ ਸਿੰਘ ਖਾਲਸਾ ਨੂੰ ਪ੍ਰਦਾਨ
Publish Date: Sun, 29 Mar 2026 07:25 PM (IST)
Updated Date: Mon, 30 Mar 2026 04:09 AM (IST)

- ਰਣਜੀਤ ਮੈਗਜ਼ੀਨ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰਣਜੀਤ ਮੈਮੋਰੀਅਲ ਯਾਦਗਾਰੀ ਟਰੱਸਟ, ਆਦਮਪੁਰ ਵੱਲੋਂ ਪ੍ਰਸਿੱਧ ਕਵੀ ਤੇ ਇਤਿਹਾਸਕਾਰ ਸਵਰਗਵਾਸੀ ਰਣਜੀਤ ਸਿੰਘ ਖੜਗ ਦੀ ਯਾਦ ’ਚ ਸ਼ੁਰੂ ਕੀਤਾ ਗਿਆ 13ਵਾਂ ਰਣਜੀਤ ਸਿੰਘ ਖੜਗ ਐਵਾਰਡ ਪ੍ਰਸਿੱਧ ਵਿਦਵਾਨ ਹਰਵਿੰਦਰ ਸਿੰਘ ਖ਼ਾਲਸਾ ਨੂੰ ਪ੍ਰਦਾਨ ਕੀਤਾ ਗਿਆ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲੰਗਰ ਹਾਲ ’ਚ ਕਰਵਾਏ ਗਏ ਸ਼ਾਨਦਾਰ ਸਮਾਗਮ ਦੌਰਾਨ ਸਵ. ਖੜਗ ਦੇ ਸਪੁੱਤਰ ਕਰਮਜੀਤ ਸਿੰਘ ਨੇ ਐਵਾਰਡ ਪ੍ਰਦਾਨ ਕਰਦਿਆਂ ਕਿਹਾ ਕਿ ਰਣਜੀਤ ਸਿੰਘ ਖੜਗ ਜੀ ਦੀ ਸਾਹਿਤ ਤੇ ਇਤਿਹਾਸ ਖੇਤਰ ’ਚ ਵੱਡੀ ਦੇਣ ਨੂੰ ਧਿਆਨ ’ਚ ਰੱਖਦਿਆਂ ਹਰ ਸਾਲ ਉਨ੍ਹਾਂ ਦੇ ਜਨਮ ਦਿਨ ਮੌਕੇ ਇਹ ਐਵਾਰਡ ਦਿੱਤਾ ਜਾਂਦਾ ਹੈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕੁਲਦੀਪ ਸਿੰਘ ਬੇਦੀ ਨੇ ਬਲਜੀਤ ਸਿੰਘ ਬਰਾੜ ਨੂੰ ਪ੍ਰਧਾਨ ਵਜੋਂ ਸਟੇਜ ’ਤੇ ਸੱਦਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਖ਼ਾਲਸਾ, ਚੇਤਨ ਸਿੰਘ ਤੇ ਇੰਜੀਨੀਅਰ ਕਰਮਜੀਤ ਸਿੰਘ ਵੀ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਬੇਦੀ ਨੇ ਦੱਸਿਆ ਕਿ ਰਣਜੀਤ ਸਿੰਘ ਖੜਗ ਦੀਆਂ ਹੁਣ ਤੱਕ ਲਗਭਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਉਨ੍ਹਾਂ ਦਾ ਕਾਫ਼ੀ ਸਾਹਿਤ ਅਜੇ ਅਣਪ੍ਰਕਾਸ਼ਿਤ ਹੈ। ਸਮਾਗਮ ਦੌਰਾਨ ਕਵੀਆਂ ਜਰਨੈਲ ਸਿੰਘ ਸਾਕੀ, ਗੁਰਦੀਪ ਸਿੰਘ ਉਜਾਲਾ, ਅਮਰ ਸਿੰਘ ਅਮਰ ਤੇ ਬਲਦੇਵ ਸਿੰਘ ਬੱਦਣ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਉਪਰੰਤ ਕਰਮਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਰਣਜੀਤ ਮੈਗਜ਼ੀਨ ਦੇ ਵਿਸ਼ੇਸ਼ ਅੰਕ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਨਮਾਨਿਤ ਵਿਦਵਾਨ ਹਰਵਿੰਦਰ ਸਿੰਘ ਖਾਲਸਾ ਦੀ ਸਾਹਿਤਕ ਦੇਣ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਨੇ ਖੜਗ ਦੇ ਸਾਹਿਤਕ ਯੋਗਦਾਨ ’ਤੇ ਚਰਚਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਰਚਨਾਵਾਂ ’ਤੇ ਪੀਐੱਚਡੀ ਪੱਧਰ ਦੇ ਖੋਜ ਕਾਰਜ ਵੀ ਚੱਲ ਰਹੇ ਹਨ। ਸਿੱਖ ਇਤਿਹਾਸਕਾਰ ਪਰਮਜੀਤ ਸਿੰਘ ਮਾਨਸਾ ਨੇ ਵੀ ਖੜਗ ਜੀ ਦੇ ਸਾਹਿਤ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਅੰਤ ’ਚ ਪ੍ਰਧਾਨਗੀ ਮੰਡਲ ਵੱਲੋਂ ਹਰਵਿੰਦਰ ਸਿੰਘ ਖਾਲਸਾ ਨੂੰ ਸ਼ਾਲ, ਮੋਮੈਂਟੋ ਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਬਲਜੀਤ ਸਿੰਘ ਬਰਾੜ ਦਾ ਵੀ ਸਨਮਾਨ ਕੀਤਾ ਗਿਆ। ਹਰਵਿੰਦਰ ਸਿੰਘ ਖਾਲਸਾ ਨੇ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਮਾਗਮ ਦੌਰਾਨ ਰਣਜੀਤ ਮੈਗਜ਼ੀਨ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਅਖੀਰ ’ਚ ਹਰਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।