- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ’ਚ ਬੈਂਚ ਨੂੰ ਲੈ ਕੇ ਹੋਏ ਝਗੜੇ ਦੌਰਾਨ 10ਵੀਂ ਜਮਾਤ ਦੇ ਵਿਦਿਆਰਥੀ ਦੇ ਢਿੱਡ 'ਤੇ ਸੱਟ

-ਸਕੂਲ ਪ੍ਰਬੰਧਕਾਂ ’ਤੇ ਲਾਇਆ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼, ਕੀਤਾ ਰੱਜ ਕੇ ਹੰਗਾਮਾ
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਨਿਊ ਪ੍ਰਿਥਵੀ ਨਗਰ ਇਲਾਕਾ ’ਚ ਸਥਿਤ ਟਵਿੰਕਲ ਟਵਿੰਕਲ ਮਾਡਲ ਹਾਈ ਸਕੂਲ ’ਚ ਵੀਰਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਦੋ ਵਿਦਿਆਰਥੀਆਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਇਕ ਜ਼ਖ਼ਮੀ ਵਿਦਿਆਰਥੀ ਦਾ ਪਰਿਵਾਰ ਸਕੂਲ ਪੁੱਜਾ। ਪਰਿਵਾਰ ਨੇ ਸਕੂਲ ਪ੍ਰਬੰਧਕਾਂ 'ਤੇ ਵਿਦਿਆਰਥੀ ਦੇ ਇਲਾਜ ਦੀ ਜ਼ਿੰਮੇਵਾਰੀ ਤੋਂ ਭੱਜਣ ਦਾ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ, ਕਰੀਬ ਤਿੰਨ ਦਿਨ ਪਹਿਲਾਂ 9ਵੀਂ ਜਮਾਤ ਦੇ ਇਕ ਵਿਦਿਆਰਥੀ ਤੇ 10ਵੀਂ ਜਮਾਤ ਦੇ ਇਕ ਵਿਦਿਆਰਥੀ ਵਿਚਕਾਰ ਬੈਂਚ ਨੂੰ ਲੈ ਕੇ ਝਗੜਾ ਹੋਇਆ ਸੀ। ਦੋਸ਼ ਹੈ ਕਿ ਜਦੋਂ ਬਹਿਸ ਵਧ ਗਈ ਤਾਂ 9ਵੀਂ ਜਮਾਤ ਦੇ ਵਿਦਿਆਰਥੀ ਨੇ 10ਵੀਂ ਜਮਾਤ ਦੇ ਵਿਦਿਆਰਥੀ ਆਕਾਸ਼ਦੀਪ 'ਤੇ ਕੁਰਸੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਦੌਰਾਨ ਆਕਾਸ਼ਦੀਪ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸੈਕਰਡ ਹਾਰਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਜ਼ਖ਼ਮੀ ਵਿਦਿਆਰਥੀ ਆਕਾਸ਼ਦੀਪ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 10ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਪੜ੍ਹਾਈ ’ਚ ਹੁਸ਼ਿਆਰ ਹੈ। ਘਟਨਾ ਵਾਲੇ ਦਿਨ ਕਲਾਸਰੂਮ ’ਚ ਇਕ ਵਾਧੂ ਬੈਂਚ ਰੱਖਿਆ ਗਿਆ ਸੀ। ਇਸ ਬੈਂਚ ਨੂੰ ਲੈ ਕੇ ਉਨ੍ਹਾਂ ਦੇ ਪੁੱਤਰ ਦੀ 9ਵੀਂ ਜਮਾਤ ਦੇ ਵਿਦਿਆਰਥੀ ਨਾਲ ਬਹਿਸ ਹੋ ਗਈ। ਜਸਬੀਰ ਸਿੰਘ ਦਾ ਦੋਸ਼ ਹੈ ਕਿ 9ਵੀਂ ਜਮਾਤ ਦੇ ਵਿਦਿਆਰਥੀ ਨੇ ਉਨ੍ਹਾਂ ਦੇ ਪੁੱਤਰ 'ਤੇ ਕੁਰਸੀਆਂ ਨਾਲ ਹਮਲਾ ਕੀਤਾ, ਜਿਸ ਨਾਲ ਆਕਾਸ਼ਦੀਪ ਦੇ ਢਿੱਡ 'ਤੇ ਗੰਭੀਰ ਸੱਟ ਲੱਗ ਗਈ। ਪਰਿਵਾਰ ਅਨੁਸਾਰ, ਜਾਂਚ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਦੀ ਸਲਾਹ ਦਿੱਤੀ ਤੇ ਵਿਦਿਆਰਥੀ ਦੇ ਢਿੱਡ 'ਤੇ ਲਗਭਗ 22 ਟਾਂਕੇ ਲੱਗੇ। ਪਰਿਵਾਰ ਦਾ ਦਾਅਵਾ ਹੈ ਕਿ ਇਲਾਜ ਦੌਰਾਨ ਉਨ੍ਹਾਂ ਨੂੰ ਵਿਦਿਆਰਥੀ ਦੀਆਂ ਅੰਦਰੂਨੀ ਸੱਟਾਂ ਦੀ ਗੰਭੀਰਤਾ ਬਾਰੇ ਦੱਸਿਆ ਗਿਆ ਸੀ।
ਆਕਾਸ਼ਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀ ਦੇ ਇਲਾਜ ਦਾ ਖਰਚਾ ਚੁੱਕਣ ਲਈ ਕਿਹਾ ਸੀ। ਸ਼ੁਰੂ ’ਚ ਉਨ੍ਹਾਂ ਨੂੰ ਇਲਾਜ ’ਚ ਮਦਦ ਦਾ ਭਰੋਸਾ ਦਿੱਤਾ ਸੀ ਪਰ ਬਾਅਦ ’ਚ ਉਨ੍ਹਾਂ ਨੂੰ ਖੁਦ ਪ੍ਰਬੰਧ ਕਰਨ ਲਈ ਕਿਹਾ। ਇਸ ਮਾਮਲੇ ਸਬੰਧੀ ਪਰਿਵਾਰ ਵੀਰਵਾਰ ਨੂੰ ਸਕੂਲ ਗਿਆ ਸੀ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅਜੇ ਤੱਕ ਉਸ ਵਿਦਿਆਰਥੀ ਨਾਲ ਨਹੀਂ ਮਿਲਾਇਆ ਗਿਆ, ਜਿਸ ਨਾਲ ਆਕਾਸ਼ਦੀਪ ਦੀ ਝੜਪ ਹੋਈ ਸੀ। ਉਨ੍ਹਾਂ ਨੇ ਇਸ ਮਾਮਲੇ ’ਚ ਢੁਕਵੀਂ ਕਾਰਵਾਈ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਸਥਿਤੀ ਬਾਰੇ ਪਤਾ ਲੱਗਣ 'ਤੇ ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ ਆਉਣ ਤੋਂ ਬਾਅਦ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ। ਸਕੂਲ ਨੇ ਵਿਦਿਆਰਥੀਆਂ ਨੂੰ ਜਲਦੀ ਛੁੱਟੀ ਦੇ ਦਿੱਤੀ, ਜਿਸ ਕਾਰਨ ਵੱਡੀ ਗਿਣਤੀ ’ਚ ਮਾਪੇ ਬਾਹਰ ਇਕੱਠੇ ਹੋ ਗਏ। ਸਥਿਤੀ ਨੂੰ ਦੇਖਦੇ ਹੋਏ ਸਕੂਲ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ। ਸਕੂਲ ਵਿੱਚ ਮੌਜੂਦ ਕੁਝ ਮਾਪਿਆਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਦੋ ਵਿਦਿਆਰਥੀਆਂ ਵਿਚਕਾਰ ਲੜਾਈ ਹੋਈ ਸੀ। ਹਾਲਾਂਕਿ, ਘਟਨਾ ਤੋਂ ਬਾਅਦ ਦੋਵੇਂ ਵਿਦਿਆਰਥੀ ਸਕੂਲ ਆਉਂਦੇ ਰਹੇ ਸਨ। ਵੀਰਵਾਰ ਨੂੰ ਜਦੋਂ ਜ਼ਖਮੀ ਵਿਦਿਆਰਥੀ ਦਾ ਪਰਿਵਾਰ ਉੱਥੇ ਪਹੁੰਚਿਆ ਤਾਂ ਵਿਵਾਦ ਵੱਧ ਗਿਆ।
ਸਕੂਲ ਅਧਿਆਪਕਾ ਮੀਰਾ ਨੇ ਦੱਸਿਆ ਕਿ ਦੋ ਵਿਦਿਆਰਥੀਆਂ ਵਿਚਕਾਰ ਝੜਪ ਹੋਈ ਸੀ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ’ਚੋਂ ਇਕ ਜ਼ਖਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ ਸਰਜਰੀ ਤੋਂ ਬਾਅਦ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਵਿਦਿਆਰਥੀ ਦੇ ਪਰਿਵਾਰ ਨੇ ਪਹਿਲਾਂ ਵੀ ਬਾਹਰੀ ਲੋਕਾਂ ਨੂੰ ਸਕੂਲ ਲਿਆ ਕੇ ਮਦਦ ਲਈ ਸਕੂਲ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਵੀਰਵਾਰ ਨੂੰ, ਪਰਿਵਾਰ ਦੇ ਵਾਪਸ ਆਉਣ ਤੇ ਬਾਅਦ ’ਚ ਹੋਏ ਹੰਗਾਮੇ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਤੇ ਪੁਲਿਸ ਨੂੰ ਸੂਚਿਤ ਕੀਤਾ।
-------------------------------
ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ
ਜਾਂਚ ਅਧਿਕਾਰੀ ਨੇ ਦੱਸਿਆ ਕਿ ਸਕੂਲ ’ਚ ਦੋ ਵਿਦਿਆਰਥੀਆਂ ਵਿਚਕਾਰ ਲੜਾਈ ਬਾਰੇ ਜਾਣਕਾਰੀ ਮਿਲੀ ਸੀ। ਇਕ ਵਿਦਿਆਰਥੀ ਜ਼ਖਮੀ ਹੋ ਗਿਆ ਸੀ ਤੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੇ ਦੋਵਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਥਾਣੇ ਬੁਲਾਇਆ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।