- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਲਕਸ਼ਮੀ ਨਾਰਾਇਣ ਮੰਦਰ ’ਚ ਇਕੱਠੀਆਂ ਜਗਾਈਆਂ 1008 ਪਵਿੱਤਰ ਜੋਤਾਂ, ਅਲੌਕਿਕ ਨਜ਼ਾਰਾ ਦੇਖਣ ਲਈ ਉਮੜੇ ਸ਼ਰਧਾਲੂ

-ਸ਼ਰਧਾਲੂਆਂ ਨੇ ਸਮੂਹਿਕ ਤੌਰ 'ਤੇ ਕੀਤਾ ਮਾਂ ਦੁਰਗਾ ਸਤੁਤੀ ਦਾ ਪਾਠ, ਜ਼ਿਲ੍ਹੇ ਭਰ ਤੋਂ ਸ਼ਾਮਲ ਹੋਏ ਸ਼ਰਧਾਲੂ, ਮਹਿਮਾਨਾਂ ਨੂੰ ਕੀਤਾ ਗਿਆ ਸਨਮਾਨਿਤ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਅੱਸੂ ਦੇ ਨਰਾਤਿਆਂ ਦਾ ਪਹਿਲਾ ਦਿਨ ਐਤਵਾਰ ਨੂੰ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿਖੇ ਖ਼ਾਸ ਰਿਹਾ। ਇਕ ਪਾਸੇ ਮਾਂ ਭਗਵਤੀ ਤੇ ਠਾਕੁਰ ਜੀ ਦੀ ਮਹਿਮਾ ਦਾ ਲਗਾਤਾਰ ਗੁਣਗਾਨ ਕੀਤਾ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਇਕੱਠੀਆਂ 1008 ਪਵਿੱਤਰ ਜੋਤਾਂ ਜਗਾ ਕੇ ਮਾਂ ਭਗਵਤੀ ਦੀ ਕਿਰਪਾ ਦਾ ਅਲੌਕਿਕ ਨਜ਼ਾਰਾ ਪੇਸ਼ ਕੀਤਾ ਗਿਆ। ਇਸ ਦੌਰਾਨ 1008 ਸ਼ਰਧਾਲੂਆਂ ਨੇ ਇਕੱਠੇ ਹੋ ਕੇ ਮਾਂ ਦੁਰਗਾ ਸਤੁਤੀ ਦਾ ਪਾਠ ਕੀਤਾ ਤਾਂ ਪੂਰਾ ਇਲਾਕਾ ਭਗਤੀ ਦੇ ਰੰਗ ’ਚ ਰੰਗਿਆ ਗਿਆ। ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵੱਲੋਂ ਅੱਸੂ ਨਰਾਤਿਆਂ ਦੇ ਸਬੰਧ ’ਚ ਐਤਵਾਰ ਨੂੰ ਪਹਿਲੀ ਵਾਰ ਇਹ ਵਿਸ਼ਾਲ ਸਮਾਗਮ ਕਰਵਾਇਆ ਗਿਆ।
ਮੰਦਰ ਕਮੇਟੀ ਦੇ ਪ੍ਰਧਾਨ ਤੇ ਉਦਯੋਗਪਤੀ ਦਿਨੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ’ਚ ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਤੇ ਪ੍ਰੋਫੈਸਰ ਸੋਮਨਾਥ ਸ਼ਰਮਾ ਸਮੇਤ ਕਈ ਪਤਵੰਤੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਕੀਤੀ ਗਈ। ਇਸ ਤੋਂ ਬਾਅਦ ਮੰਦਰ ਦੇ ਬਾਹਰ ਸਜਾਏ ਗਏ ਵਿਸ਼ਾਲ ਪੰਡਾਲ ’ਚ ਸ਼ਰਧਾਲੂਆਂ ਨੇ ਇਕੱਠੇ ਹੋ ਕੇ 1008 ਪਵਿੱਤਰ ਜੋਤਾਂ ਜਗਾਈਆਂ, ਜਿਸ ਨਾਲ ਸਮੁੱਚਾ ਮਾਹੌਲ ਭਗਤੀ ਦੇ ਚਾਨਣ ਨਾਲ ਰੌਸ਼ਨ ਹੋ ਗਿਆ। ਇਸ ਦੌਰਾਨ ਵਿਸ਼ਵ ਪ੍ਰਸਿੱਧ ਭਜਨ ਗਾਇਕ ਅਸ਼ੋਕ ਸ਼ਰਮਾ ਤੇ ਕੁਮਾਰ ਆਸ਼ੂ ਨੇ ਭਜਨਾਂ ਦੀ ਅਜਿਹੀ ਤਾਨ ਛੇੜੀ ਕਿ ਸ਼ਰਧਾਲੂ ਮੰਤਰ-ਮੁਗਧ ਹੋ ਕੇ ਝੂਮ ਉੱਠੇ।
ਗਾਇਕ ਜੋੜੀ ਨੇ 'ਕਿਸ਼ੋਰੀ ਕੁਛ ਐਸਾ ਇੰਤਜ਼ਾਮ ਹੋ ਜਾਏ' ਤੇ 'ਮੇਰੀ ਅੱਖੀਆਂ ਕੇ ਸਾਮਨੇ ਹੀ ਰਹਿਨਾ ਮਾਂ' ਸਮੇਤ ਇਕ ਤੋਂ ਬਾਅਦ ਇਕ ਕਈ ਮਨਮੋਹਕ ਭਜਨ ਪੇਸ਼ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਦੀਪਕ ਬਾਲੀ ਨੇ ਮੰਦਰ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਚੈਰੀਟੇਬਲ ਹਸਪਤਾਲ ਚਲਾ ਕੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੰਦਰ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸੇ ਤਰ੍ਹਾਂ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਲਟੀਸਪੈਸ਼ਲਿਟੀ ਹਸਪਤਾਲ ਚਲਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਰਾਤਿਆਂ, ਮਹਾਸ਼ਿਵਰਾਤਰੀ ਤੇ ਜਨਮ ਅਸ਼ਟਮੀ ਤੋਂ ਲੈ ਕੇ ਦੁਸਹਿਰੇ ਤੱਕ ਹਰ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਮੰਦਰ ਕਮੇਟੀ ਵੱਲੋਂ ਸਮਾਗਮ ’ਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਆਰਤੀ ਤੇ ਪੂਜਾ ਉਪਰੰਤ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਹੇਮੰਤ ਸ਼ਰਮਾ, ਰਾਜੀਵ ਓਂਕਾਰ ਟਿੱਕਾ ਸਮੇਤ ਕਈ ਪਤਵੰਤੇ ਹਾਜ਼ਰ ਸਨ।