ਬਾਈਕ ਕੰਧ ਨਾਲ ਟਕਰਾਉਣ ਨਾਲ ਇਕ ਦੀ ਮੌਤ, ਤਿੰਨ ਜ਼ਖ਼ਮੀ
ਮੋਟਰਸਾਈਕਲ ਸਵਾਰਾਂ ਦੇ ਕੰਧ ਨਾਲ ਟਕਰਾਉਣ ਨਾਲ 1 ਨੌਜਵਾਨ ਦੀ ਮੌਤ, 3 ਜ਼ਖਮੀ
Publish Date: Mon, 16 Feb 2026 09:58 PM (IST)
Updated Date: Mon, 16 Feb 2026 10:00 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨੈਸ਼ਨਲ ਹਾਈਵੇ ’ਤੇ ਇਕ ਮੋਟਰਸਾਈਕਲ ਦੇ ਰੇਲਵੇ ਕਰਾਸਿੰਗ ਦੀ ਕੰਧ ਨਾਲ ਟਕਰਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ 'ਤੇ ਸਵਾਰ ਤਿੰਨ ਹੋਰ ਨੌਜਵਾਨ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 9:20 ਵਜੇ ਅਜੇ ਸਿੰਘ ਪੁੱਤਰ ਬਖਸ਼ੀ ਰਾਮ, ਖੁਸ਼ਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਕੁਲਦੀਪ ਸਿੰਘ ਪੁੱਤਰ ਫਕੀਰ ਸਿੰਘ ਅਤੇ ਅੰਸ਼ ਪੁੱਤਰ ਸੁੱਚਾ ਸਿੰਘ ਸਾਰੇ ਵਾਸੀ ਸ਼ਿਵ ਕਲੋਨੀ ਮਹੱਲਾ ਮਹਿਤਾਬਗੜ੍ਹ ਕਪੂਰਥਲਾ ਜੋ ਕਿ ਮਲਸੀਆਂ ਦੇ ਇਕ ਪੈਲਸ 'ਚੋਂ ਵੇਟਰ ਦਾ ਕੰਮ ਕਰਕੇ ਵਾਪਸ ਜਾ ਰਹੇ ਸਨ। ਹਨੇਰੇ ਕਾਰਨ ਰਸਤਾ ਭੁੱਲ ਜਾਣ ਕਾਰਨ ਉਹ ਸ਼ਾਹਕੋਟ ਵਾਲੇ ਪਾਸੇ ਆ ਗਏ। ਪਤਾ ਲੱਗਣ 'ਤੇ ਜਦ ਉਹ ਵਾਪਸ ਜਾਣ ਲਈ ਸਰਵਿਸ ਰੋਡ 'ਤੇ ਗਏ ਤਾਂ ਅੱਗੋਂ ਰੇਲਵੇ ਕ੍ਰਾਸਿੰਗ ਦੀ ਕੰਧ ਨਾਲ ਟਕਰਾ ਗਏ, ਜਿਸ ਕਾਰਨ ਚਾਰੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਵੱਲੋਂ ਐਂਬੂਲੈਂਸ ਰਾਹੀਂ ਗੰਭੀਰ ਜ਼ਖਮੀ ਕੁਲਦੀਪ ਸਿੰਘ ਤੇ ਅੰਸ਼ ਨੂੰ ਸਿਵਲ ਹਸਪਤਾਲ ਨਕੋਦਰ ਭੇਜਿਆ ਗਿਆ, ਜਿੱਥੇ ਡਿਊਟੀ ਤੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਅੰਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਤੇ ਖੁਸ਼ਦੀਪ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰ ਰਾਜਵੀ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਜ਼ਖਮੀਆਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।