ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ, ਖੇਡਾਂ ਅਤੇ ਆਪਣੇ ਭਵਿੱਖ ਵੱਲ ਧਿਆਨ ਕੇਂਦਰਿਤ ਕਰਨ ਨੌਜਵਾਨ : ਅੰਜੂ ਸ਼ਰਮਾ
Publish Date: Mon, 26 Oct 2026 04:57 PM (IST)
Updated Date: Mon, 26 Oct 2026 04:58 PM (IST)
ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਮੇਰਾ ਯੁਵਾ ਭਾਰਤ ਹੁਸ਼ਿਆਰਪੁਰ ਵੱਲੋਂ ਸੁਕੂਨ ਯੂਥ ਐਂਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਰਵਹਿੱਤਕਾਰੀ ਵਿੱਦਿਆ ਮੰਦਰ, ਤਲਵਾੜਾ ਵਿਖੇ ਨੇਬਰਹੁੱਡ ਯੂਥ ਪਾਰਲੀਮੈਂਟ ਕਰਵਾਈ ਗਈ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੀ ਡਾਇਰੈਕਟਰ ਅੰਜੂ ਸ਼ਰਮਾ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਤੀਸ਼ ਕੁਮਾਰ ਸ਼ਾਮਲ ਹੋਏ। ਅੰਜੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਜੀਵਨ ਵਿੱਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਪੜ੍ਹਾਈ, ਖੇਡਾਂ ਅਤੇ ਭਵਿੱਖ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਮੁੱਖ ਬੁਲਾਰੇ ਅਰਵਿੰਦ ਕੁਮਾਰ ਨੇ ਕਿਹਾ ਕਿ ਨਸ਼ੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਨਾਲ-ਨਾਲ ਪਰਿਵਾਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸਮਾਜ ਸੇਵੀ ਗਗਨ ਰਾਣਾ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਨੇਹਾ ਸ਼ਰਮਾ ਨੇ ਪਰਿਵਾਰਕ ਸਹਿਯੋਗ ਅਤੇ ਸਹੀ ਮਾਰਗਦਰਸ਼ਨ ਦੀ ਮਹੱਤਤਾ ਦੱਸੀ, ਜਦਕਿ ਰੇਨੂ ਨੇ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਰੋਹਿਤ ਕਸ਼ਯਪ, ਬਲਵਿੰਦਰ ਸਿੰਘ ਸੂਰਜ, ਨੇਹਾ ਮਹਿਤਾ, ਨਰਿੰਦਰ ਗੌਤਮ ਅਤੇ ਧਰਮਭੂਸ਼ਣ ਆਦਿ ਹਾਜ਼ਰ ਸਨ।