ਯੋਗ ਅਤੇ ਧਿਆਨ ਸਾਧਨਾ ਨਾਲ ਹੋਵੇਗਾ ਵਿਕਾਸ : ਸਵਾਮੀ ਵਿਗਿਆਨਾਨੰਦ
ਯੋਗ ਅਤੇ ਧਿਆਨ ਸਾਧਨਾ ਨਾਲ ਹੋਵੇਗਾ ਵਿਕਾਸ: ਸਵਾਮੀ ਵਿਗਿਆਨਾਨੰਦ
Publish Date: Wed, 21 Oct 2026 03:49 PM (IST)
Updated Date: Wed, 21 Oct 2026 03:51 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ: ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਮੰਗਲ ਕਾਮਨਾ ਨਾਲ ਸਥਾਨਕ ਸ੍ਰੀ ਮੌਨਸਰ ਮੰਦਰ ਵਿਖੇ ਵਿਲੱਖਣ ਯੋਗ ਅਤੇ ਧਿਆਨ ਸਾਧਨਾ ਕੈਂਪ ਲਗਾਇਆ ਗਿਆ। ਇਸ ਮੌਕੇ ਦਿਵਯ ਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਯੋਗ ਅਤੇ ਧਿਆਨ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਯੋਗ ਭਾਰਤੀ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਹੈ, ਜੋ ਮਨੁੱਖ ਦੇ ਸਰੀਰ, ਮਨ ਅਤੇ ਚੇਤਨਾ ਵਿਚਕਾਰ ਸੰਤੁਲਨ ਸਥਾਪਿਤ ਕਰਦਾ ਹੈ। ਕੈਂਪ ਦੌਰਾਨ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਸਾਧਨਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਿਯਮਿਤ ਯੋਗ ਅਭਿਆਸ, ਸੰਤੁਲਿਤ ਖੁਰਾਕ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਨੂੰ ਅਪਣਾ ਕੇ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਾਧਵੀ ਸ਼ੰਕਰਪ੍ਰੀਤਾ ਭਾਰਤੀ, ਸਾਧਵੀ ਰਣੇ ਭਾਰਤੀ, ਸਾਧਵੀ ਪੂਨਮ ਭਾਰਤੀ ਅਤੇ ਰਾਜ ਕੁਮਾਰ ਵੱਲੋਂ ਦਿਵਯ ਮੰਤਰਾਂ ਦਾ ਜਾਪ ਅਤੇ ਭਜਨ ਗਾਇਨ ਕੀਤਾ ਗਿਆ। ਇਸ ਦੌਰਾਨ ਸਮੁੱਚੇ ਵਿਸ਼ਵ ਦੀ ਸ਼ਾਂਤੀ ਅਤੇ ਭਲਾਈ ਲਈ ਮੰਗਲ ਪ੍ਰਾਰਥਨਾ ਵੀ ਕੀਤੀ ਗਈ।