ਸੀਐੱਚਸੀ ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਸੀਐਚਸੀ ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ
Publish Date: Wed, 11 Nov 2026 03:28 PM (IST)
Updated Date: Wed, 11 Nov 2026 03:30 PM (IST)
ਗੌਰਵ, ਪੰਜਾਬੀ ਜਾਗਰਣ ਗੜ੍ਹਦੀਵਾਲਾ : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਦੀ ਅਗਵਾਈ ਹੇਠ ਸੀਐਚਸੀ ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਵੱਲੋਂ ਮੁਫ਼ਤ ਮੋਬਾਈਲ ਕੈਂਸਰ ਸਕ੍ਰੀਨਿੰਗ ਕੈਂਪ ਲਗਾਇਆ ਗਿਆ, ਜਿਸ ਦੌਰਾਨ ਲਗਭਗ 34 ਲੋਕਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਇਸ ਦੀ ਸਮੇਂ ਸਿਰ ਪਛਾਣ ਬਹੁਤ ਜ਼ਰੂਰੀ ਹੈ। ਤੰਬਾਕੂਨੋਸ਼ੀ, ਸਿਗਰਟਨੋਸ਼ੀ ਅਤੇ ਪ੍ਰਦੂਸ਼ਿਤ ਵਾਤਾਵਰਨ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਸਰੀਰ ਵਿੱਚ ਗੰਢ ਜਾਂ ਗਿਲਟੀ, ਮੂੰਹ ਵਿੱਚ ਨਾ ਠੀਕ ਹੋਣ ਵਾਲੇ ਛਾਲੇ, ਆਵਾਜ਼ ਵਿੱਚ ਭਾਰੀਪਣ, ਭੁੱਖ ਘਟਣਾ ਅਤੇ ਅਸਧਾਰਨ ਖੂਨ ਆਉਣਾ ਇਸ ਦੇ ਸੰਭਾਵੀ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ਵਿੱਚ ਕੈਂਸਰ ਦੀ ਪਛਾਣ ਹੋਣ ਨਾਲ ਇਲਾਜ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਬੀਈਈ ਜਸਤਿੰਦਰ ਸਿੰਘ ਨੇ ਸਰਕਾਰੀ ਸਿਹਤ ਸਹੂਲਤਾਂ ਅਤੇ ਕੈਂਸਰ ਰਾਹਤ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ।