ਨਗਰ ਕੌਂਸਲ ਨੇ ਗੈਰ ਕਾਨੂੰਨੀ ਕੁਨੈਕਸ਼ਨ ਪੱਕੇ ਤੌਰ ’ਤੇ ਕੱਟਣ ਦੀ ਕੀਤੀ ਖਾਨਾਪੂਰਤੀ ਨਗਰ ਕੌਂਸਲ ਸ਼ਾਮ ਚੁਰਾਸੀ ਨੇ ਕਨੈਕਸ਼ਨ ਪੱਕੇ ਤੌਰ ਤੇ ਕੱਟਣ ਦੀ ਕੀਤੀ ਖਾਨਾਪੂਰਤੀ,
Publish Date: Fri, 28 Aug 2026 06:53 PM (IST)
Updated Date: Fri, 28 Aug 2026 06:55 PM (IST)
- ਲੋਕਾਂ ਨੇ ਕੀਤੀ ਗੈਰ ਕਾਨੂੰਨੀ ਕਨੈਕਸ਼ਨਾਂ ਦੀ ਜਾਂਚ ਤੇ ਪੱਕੀ ਕਾਰਵਾਈ ਦੀ ਮੰਗ ਅਤੇ ਕਨੈਕਸ਼ਨ ਜਾਰੀ ਕਰਨ ਵਾਲੇ ਅਧਿਕਾਰੀਆਂ ਤੇ ਵੀ ਕਾਰਵਾਈ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਵਿਚ ਟੂਟੀਆਂ ਦੇ ਗੈਰ ਕਾਨੂੰਨੀ ਕੁਨੈਕਸ਼ਨਾਂ ਖ਼ਿਲਾਫ਼ ਖ਼ਬਰ ਲੱਗਣ ਤੋਂ ਬਾਅਦ ਨਗਰ ਕੌਂਸਲ ਸ਼ਾਮ ਚੁਰਾਸੀ ਨੇ ਕੁਨੈਕਸ਼ਨ ਪੱਕੇ ਤੌਰ ’ਤੇ ਕੱਟਣ ਦੀ ਬਜਾਏ ਇਕ ਟੁੱਟੀ ਨੂੰ ਅਰਜੀ ਤੌਰ ’ਤੇ ਬੰਦ ਕਰ ਕੇ ਖਾਨਾਪੂਰਤੀ ਕੀਤੀ ਹੈ ਅਤੇ ਨਾ ਹੀ ਕੋਈ ਜੁਰਮਾਨਾ ਲਗਾਇਆ ਗਿਆ ਹੈ। ਸ਼ਾਮ ਚੁਰਾਸੀ ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸ਼ਨ ਕੋਲੋਂ ਸ਼ਾਮ ਚੁਰਾਸੀ ਵਿਚ ਚੱਲ ਰਹੇ ਗੈਰ ਕਾਨੂੰਨੀ ਕੁਨੈਕਸ਼ਨਾਂ ਦੀ ਜਾਂਚ ਕਾਰਵਾਉਣ ਅਤੇ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਬਾਦੀ ’ਤੇ ਪੱਕੀ ਕਾਰਵਾਈ ਦੀ ਮੰਗ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਗ਼ਲਤ ਕੁਨੈਕਸ਼ਨ ਜਾਰੀ ਕਰਨ ਵਾਲੇ ਅਧਿਕਾਰੀਆਂ ’ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀ ਮਾਨਵ, ਗੌਰਵ ਅਤੇ ਸਤਿਕਾਰ ਸਿੰਘ ਨੇ ਦੱਸਿਆ ਜੇਕਰ ਕਿਸੇ ਕਨੈਕਸ਼ਨ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਿਰਫ਼ ਟੂਟੀ ਜਾਂ ਵਾਲਵ ਬੰਦ ਕਰਨਾ ਕਾਫ਼ੀ ਨਹੀਂ ਹੋਣਾ ਚਾਹੀਦਾ, ਸਗੋਂ ਪਾਈਪਲਾਈਨ ਨੂੰ ਮੁੱਖ ਸਪਲਾਈ ਤੋਂ ਪੱਕੇ ਤੌਰ ’ਤੇ ਕੱਟ ਕੇ ਸੀਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਸ ਨੂੰ ਭਵਿੱਖ ਵਿੱਚ ਮੁੜ ਚਾਲੂ ਨਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਈਓ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੇ ਜਾਣ ਦੀ ਕਾਰਵਾਈ ਸਾਹਮਣੇ ਨਹੀਂ ਆਈ। ਫਾਈਲ ਤੇ ਪੈਸੇ ਜਮ੍ਹਾਂ ਕਰਵਾਏ ਹਨ : ਇਸ ਸਬੰਧੀ ਨਗਰ ਕੌਂਸਲ ਦੇ ਕਲਰਕ ਰਮੇਸ਼ ਕੁਮਾਰ ਨੇ ਕਿਹਾ ਕਿ ਸਬੰਧਿਤ ਲੋਕਾਂ ਵੱਲੋਂ ਕੌਂਸਲ ਕੋਲ ਫਾਈਲ ਜਮ੍ਹਾਂ ਕਰਵਾਈ ਗਈ ਹੈ ਅਤੇ ਪੈਸੇ ਵੀ ਜਮ੍ਹਾਂ ਕਰਵਾਏ ਗਏ ਹਨ, ਇਸ ਲਈ ਉਹ ਕੁਨੈਕਸ਼ਨ ਬੰਦ ਨਹੀਂ ਕਰ ਸਕਦੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੇ ਕੁਨੈਕਸ਼ਨ ਦੀ ਵਰਤੋਂ ਖੇਤੀਬਾੜੀ, ਬੂਟਿਆਂ ਜਾਂ ਦਰੱਖਤਾਂ ਆਦਿ ਲਈ ਕੀਤੀ ਜਾ ਰਹੀ ਹੋਵੇ ਤਾਂ ਕੀ ਅਜਿਹੀ ਵਰਤੋਂ ਨਿਯਮਾਂ ਅਨੁਸਾਰ ਹੈ, ਤਾਂ ਇਸ ਸਵਾਲ ’ਤੇ ਉਨ੍ਹਾਂ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ। ਪੀਣ ਵਾਲੇ ਪਾਣੀ ਦੀ ਵਰਤੋਂ ’ਤੇ ਵੀ ਸਵਾਲ : ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੀਣ ਵਾਲੇ ਪਾਣੀ ਦੀ ਸਰਕਾਰੀ ਸਪਲਾਈ ਤੋਂ ਲਿਆ ਪਾਣੀ ਪਲਾਟ ਵਿੱਚ ਦਰੱਖਤਾਂ, ਬੂਟਿਆਂ ਜਾਂ ਹੋਰ ਗੈਰ-ਘਰੇਲੂ ਕੰਮਾਂ ਲਈ ਵਰਤਿਆ ਜਾ ਰਿਹਾ ਸੀ ਤਾਂ ਇਸ ਦੀ ਨਿਯਮਾਂ ਅਨੁਸਾਰ ਜਾਂਚ ਹੋਣੀ ਚਾਹੀਦੀ ਹੈ।