- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਦਾ ਵਾਰਡ ਨੰਬਰ 31 ਬਣਿਆ ਮੁਸੀਬਤਾਂ ਦਾ ਗੜ੍ਹ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ, ਜਿਸ ਨੂੰ ਸਮਾਰਟ ਅਤੇ ਸਾਫ਼-ਸੁਥਰਾ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਅੱਜ ਸਮੱਸਿਆਵਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਪ੍ਰਸ਼ਾਸਨਿਕ ਅਣਦੇਖੀ ਦੀ ਮਿਸਾਲ ਹੁਸ਼ਿਆਰਪੁਰ ਦੇ ਮੁਹੱਲਾ ਸੁਤਹਿਰੀ ਖੁਰਦ, ਵਾਰਡ ਨੰਬਰ 31 ਤੋਂ ਸਾਹਮਣੇ ਆਈ ਹੈ। ਇੱਥੋਂ ਵਾਸੀ ਸੀਵਰੇਜ ਦੇ ਓਵਰਫਲੋਅ ਹੁੰਦੇ ਪਾਣੀ ਅਤੇ ਗੰਦਗੀ ਦੇ ਢੇਰਾਂ ਤੋਂ ਇੰਨੇ ਦੁਖੀ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਮਜਬੂਰਨ ਇਕੱਠੇ ਹੋ ਕੇ ਪ੍ਰਸ਼ਾਸਨ ਵਿਰੁੱਧ ਰੋਸ ਜਤਾਉਣਾ ਪਿਆ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਚਕਾਰ ਰਹਿੰਦੇ ਹੋਏ ਵੀ ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਉਹ ਕਿਸੇ ਸ਼ਹਿਰ ਵਿੱਚ ਨਹੀਂ ਸਗੋਂ ਜੰਗਲ ਵਿਚ ਰਹਿ ਰਹੇ ਹਨ।
ਹੁਸ਼ਿਆਰਪੁਰ ਦੇ ਵਾਰਡ ਨੰਬਰ 31ਦੇ ਮੁਹੱਲਾ ਸੁਤਹਿਰੀ ਖੁਰਦ ਦੇ ਲੋਕਾਂ ਨੇ ਕਾਂਗਰਸੀ ਆਗੂ ਗੁਰਦੀਪ ਕਟੋਚ ਦੀ ਅਗਵਾਈ ਹੇਠ ਦੱਸਿਆ ਕਿ ਗਲੀਆਂ ਵਿੱਚ ਓਵਰਫਲੋਅ ਹੋ ਕੇ ਵਹਿ ਰਿਹਾ ਸੀਵਰੇਜ ਦਾ ਗੰਦਾ ਪਾਣੀ ਅਤੇ ਬਦਬੂਦਾਰ ਮਾਹੌਲ ਇੱਥੋਂ ਦੀ ਨਰਕ ਭਰੀ ਜ਼ਿੰਦਗੀ ਦੀ ਗਵਾਹੀ ਦੇ ਰਿਹਾ ਹੈ। ਮੁਹੱਲੇ ਦੇ ਲੋਕਾਂ ਦਾ ਦੋਸ਼ ਹੈ ਕਿ ਲੰਬੇ ਸਮੇਂ ਤੋਂ ਸੀਵਰੇਜ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਪਈ ਹੈ, ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਗਲੀਆਂ ਵਿੱਚ ਜਮ੍ਹਾਂ ਹੋ ਰਿਹਾ ਹੈ। ਇਸ ਬਦਬੂਦਾਰ ਪਾਣੀ ਕਾਰਨ ਨਾ ਤਾਂ ਬੱਚੇ ਘਰੋਂ ਬਾਹਰ ਖੇਡ ਸਕਦੇ ਹਨ ਅਤੇ ਨਾ ਹੀ ਬਜ਼ੁਰਗਾਂ ਦਾ ਲੰਘਣਾ-ਵੜਨਾ ਸੁਖਾਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਜਾਂਦੇ ਹਨ। ਮੁਹੱਲੇ ਵਿਚਲੀ ਪੈਦਲ ਆਉਣ ਜਾਣ ਵਾਲਿਆਂ ਦਾ ਦਾਖ਼ਲਾ ਬੰਦ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਦੇ ਨਾਲ-ਨਾਲ ਸਫ਼ਾਈ ਪੱਖੋਂ ਵੀ ਇਸ ਇਲਾਕੇ ਦੀ ਹਾਲਤ ਬੇਹੱਦ ਖ਼ਸਤਾ ਹੈ। ਮੁਹੱਲੇ ਵਿੱਚ ਨਿਯਮਿਤ ਤੌਰ ’ਤੇ ਨਗਰ ਨਿਗਮ ਦੀ ਟੀਮ ਵੱਲੋਂ ਸਫ਼ਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਜਗ੍ਹਾ-ਜਗ੍ਹਾ ਉੱਗੀਆਂ ਜੰਗਲੀ ਝਾੜੀਆਂ ਅਤੇ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਟੈਕਸ ਪੂਰਾ ਭਰਦੇ ਹਨ ਪਰ ਸੁਵਿਧਾਵਾਂ ਦੇ ਨਾਂ ’ਤੇ ਸਿਰਫ਼ ਧਰਵਾਸੇ ਅਤੇ ਗੰਦਗੀ ਹੀ ਮਿਲੀ ਹੈ। ਸ਼ਹਿਰ ਦੇ ਵਿਚਕਾਰ ਰਹਿ ਕੇ ਵੀ ਅਜਿਹਾ ਮਹਿਸੂਸ ਹੁੰਦਾ ਹੈ, ਜਿਵੇਂ ਅਸੀਂ ਕਿਸੇ ਸੁੰਨਸਾਨ ਜੰਗਲ ਵਿੱਚ ਦਿਨ ਕੱਟ ਰਹੇ ਹੋਈਏ। ਉਨ੍ਹਾਂ ਕਿਹਾ ਕਿ ਨਵੀਂ ਬਣੀ ਕਮੇਟੀ ਤੋਂ ਬਾਅਦ ਕੁੱਝ ਆਸ ਜਾਗੀ ਸੀ ਪਰ ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਲਾਰੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਇੱਕ ਕਰੋੜ ਤੋਂ ਵੱਧ ਦੇ ਕੰਮ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ।
ਇਸ ਸਬੰਧੀ ਨਗਰ ਨਿਗਮ ਦੇ ਮੇਅਰ ਪ੍ਰਵੀਨ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਨਹੀਂ ਪਤਾ ਇਸ ਬਾਰੇ। ਜੇਕਰ ਕੋਈ ਦੱਸੇਗਾ ਤਾਂ ਠੀਕ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਵਿਚ ਖ਼ੜ੍ਹ ਕੇ ਦੋਸ਼ ਲਗਾਉਣ ਨਾਲੋਂ ਦਫਤਰ ਜਾਣਕਾਰੀ ਦੇਣ ਤਾਂ ਜੋ ਇਸ ਨੂੰ ਠੀਕ ਕਰਵਾਇਆ ਜਾ ਸਕੇ।