- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਜਿੰਪਾ ਨੇ ਆਮ ਆਦਮੀ ਕਲੀਨਿਕਾਂ 'ਚ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ

- ਜ਼ਿਲ੍ਹੇ ’ਚ ਇਸ ਸਮੇਂ 77 ਆਮ ਆਦਮੀ ਕਲੀਨਿਕ ਚੱਲ ਰਹੇ : ਜਿੰਪਾ
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸ਼ਿਮਲਾ ਪਹਾੜੀ ਚੌਕ ਦੇ ਨੇੜੇ ਸਥਿਤ ਆਮ ਆਦਮੀ ਕਲੀਨਿਕ ਨਗਰ ਨਿਗਮ ਦਾ ਦੌਰਾ ਕਰਕੇ ਉੱਥੇ ਉਪਲਬਧ ਸਿਹਤ ਸਹੂਲਤਾਂ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਲੀਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਸਹੂਲਤਾਂ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਵਿਧਾਇਕ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਸ ਸਮੇਂ 77 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਦਕਿ ਹੁਸ਼ਿਆਰਪੁਰ ਸ਼ਹਿਰ ਵਿੱਚ 9 ਕਲੀਨਿਕ ਹਨ, ਜਿਨ੍ਹਾਂ ਵਿੱਚ ਜ਼ਿਲ੍ਹਾ ਜੇਲ੍ਹ ਵਿੱਚ ਸਥਾਪਿਤ ਕਲੀਨਿਕ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਹਰੇਕ ਆਮ ਆਦਮੀ ਕਲੀਨਿਕ ਵਿੱਚ ਐੱਮਬੀਬੀਐੱਸ ਡਾਕਟਰ ਵਜੋਂ ਮੈਡੀਕਲ ਅਫ਼ਸਰ, ਬੀਐੱਸਸੀ ਨਰਸਿੰਗ ਪੱਧਰ ਦਾ ਕਲੀਨਿਕਲ ਅਸਿਸਟੈਂਟ, ਫਾਰਮੇਸੀ ਅਫ਼ਸਰ ਅਤੇ ਹੈਲਪਰ ਤਾਇਨਾਤ ਹਨ। ਕਲੀਨਿਕਾਂ ਵਿੱਚ ਲਗਭਗ 50 ਕਿਸਮ ਦੇ ਖੂਨ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਮਰੀਜ਼ਾਂ ਦੇ ਸੈਂਪਲ ਕਲੀਨਿਕ ਵਿੱਚ ਹੀ ਇਕੱਠੇ ਕਰਕੇ ਜਾਂਚ ਲਈ ਲੈਬਾਰਟਰੀ ਭੇਜੇ ਜਾਂਦੇ ਹਨ। ਇਸ ਤੋਂ ਇਲਾਵਾ ਲਗਭਗ 107 ਕਿਸਮ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਇਨਫੈਕਸ਼ਨ ਅਤੇ ਹੋਰ ਆਮ ਬਿਮਾਰੀਆਂ ਦੀਆਂ ਦਵਾਈਆਂ ਸ਼ਾਮਲ ਹਨ। ਕੁੱਤੇ ਦੇ ਕੱਟਣ ਦੀ ਸਥਿਤੀ ਵਿੱਚ ਦਿੱਤੀ ਜਾਣ ਵਾਲੀ ਐਂਟੀ-ਰੇਬੀਜ਼ ਵੈਕਸੀਨ ਦੀ ਸਹੂਲਤ ਵੀ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ ਕਲੀਨਿਕਾਂ ਵਿੱਚ 15,20,600 ਯੂਨੀਕ ਮਰੀਜ਼ ਅਤੇ ਕੁੱਲ 40,62,906 ਓਪੀਡੀ ਵਿਜ਼ਿਟ ਦਰਜ ਕੀਤੀਆਂ ਜਾ ਚੁੱਕੀਆਂ ਹਨ। ਔਸਤਨ ਹਰ ਰੋਜ਼ ਲਗਭਗ 73 ਮਰੀਜ਼ ਸਿਹਤ ਸੇਵਾਵਾਂ ਦਾ ਲਾਭ ਲੈ ਰਹੇ ਹਨ, ਜਿਨ੍ਹਾਂ ਵਿੱਚ 56.3 ਫ਼ੀਸਦੀ ਔਰਤਾਂ ਅਤੇ 43.7 ਫ਼ੀਸਦੀ ਪੁਰਸ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਲਈ ਭ੍ਰੂਣ ਦੀ ਸਿਹਤ ਦੀ ਜਾਂਚ ਵਾਸਤੇ ਅਲਟਰਾਸਾਊਂਡ ਅਤੇ ਲੈਵਲ-2 ਸਕੈਨ ਦੀ ਸਹੂਲਤ ਵੀ ਸੂਚੀਬੱਧ ਅਲਟਰਾਸਾਊਂਡ ਕੇਂਦਰਾਂ ਰਾਹੀਂ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਵਿਧਾਇਕ ਜਿੰਪਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਸਾਬਤ ਹੋ ਰਹੇ ਹਨ। ਇਸ ਮੌਕੇ ਮੇਅਰ ਪਰਵੀਨ ਸੈਣੀ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ, ਡਾ. ਰੋਹਿਤ ਬਰੂਟਾ, ਵਰਿੰਦਰ ਵੈਦ, ਸੁਰੇਸ਼ ਸੋਨੀ, ਵਿਸ਼ਾਲ ਸ਼ਰਮਾ, ਬ੍ਰਿਜ ਮੱਟੂ, ਰਾਕੇਸ਼ ਕੁਮਾਰ ਬਿੱਲਾ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।