ਫੈਕਟਰੀ ਅੰਦਰ ਕੋਲਡ ਡਰਿੰਕਸ ਦੀਆਂ ਬੋਤਲਾਂ ਦੇ ਲੇਬਲ ਬਦਲਣ ਦੇ ਦੋਸ਼ ਫੈਕਟਰੀ ਅੰਦਰ ਕੋਲਡ ਡਰਿੰਕਸ ਦੀਆਂ ਬੋਤਲਾਂ ਦੇ ਲੇਬਲ ਬਦਲਣ ਦੇ ਦੋਸ਼
Publish Date: Fri, 27 Nov 2026 03:44 PM (IST)
Updated Date: Fri, 27 Nov 2026 03:46 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਸ਼ਹਿਰ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਹੀ ਨਹੀਂ, ਸਗੋਂ ਉਨ੍ਹਾਂ ਦੀ ਮਿਆਦ ਪੁੱਗਣ ਦੀ ਤਰੀਕ ਨਾਲ ਵੀ ਕਥਿਤ ਤੌਰ ਤੇ ਛੇੜਛਾੜ ਕੀਤੇ ਜਾਣ ਦੇ ਦੋਸ਼ ਸਾਹਮਣੇ ਆਉਣ ਲੱਗੇ ਹਨ। ਹੁਸ਼ਿਆਰਪੁਰ-ਚਿੰਤਪੁਰਨੀ ਮਾਰਗ ਤੇ ਪਿੰਡ ਕੋਟਲਾ ਗੌਂਸਪੁਰ ਸਥਿਤ ਇੱਕ ਫੈਕਟਰੀ ਵਿੱਚ ਕੋਲਡ ਡਰਿੰਕਸ ਦੀਆਂ ਬੋਤਲਾਂ ਦੀ ਐਕਸਪਾਇਰੀ ਤਰੀਕ ਬਦਲੇ ਜਾਣ ਦੇ ਲੋਕਾਂ ਵੱਲੋਂ ਲਗਾਏ ਗਏ ਦੋਸ਼ਾਂ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਮੌਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਚਸ਼ਮਦੀਦ ਡਾਕਟਰ ਰਾਜੀਵ ਜੈਨ ਅਤੇ ਪ੍ਰਦੀਪ ਭਾਰਦਵਾਜ ਨੇ ਵੀਡੀਓ ਬਣਾ ਕੇ ਦੱਸਿਆ ਕਿ ਮਾਊਂਟ ਵਿਊ ਕਲੋਨੀ ਮੁਹੱਲੇ ਵਿੱਚ ਚੱਲ ਰਹੀ ਇਸ ਫੈਕਟਰੀ ਅੰਦਰ ਸ਼ੱਕੀ ਗਤੀਵਿਧੀਆਂ ਹੋਣ ਦਾ ਸ਼ੱਕ ਪਿਆ ਤਾਂ ਉਹ ਫੈਕਟਰੀ ਦੇ ਅੰਦਰ ਪਹੁੰਚ ਗਏ। ਉਨ੍ਹਾਂ ਦਾਅਵਾ ਹੈ ਕਿ ਉੱਥੇ ਕੋਲਡ ਡਰਿੰਕਸ ਦੀਆਂ ਬੋਤਲਾਂ ਦੀ ਐਕਸਪਾਇਰੀ ਤਰੀਕ ਬਦਲਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮੋਬਾਈਲ ਫੋਨਾਂ ਵਿੱਚ ਵੀਡੀਓ ਵੀ ਰਿਕਾਰਡ ਕਰ ਲਈ। ਫੈਕਟਰੀ ਵਿੱਚ ਮੌਜੂਦ ਮਜ਼ਦੂਰ ਘਬਰਾ ਕੇ ਮੌਕੇ ਤੋਂ ਚਲੇ ਗਏ। ਸਿਹਤ ਵਿਭਾਗ ਨੂੰ ਵਾਰ-ਵਾਰ ਫੋਨ, ਫਿਰ ਵੀ ਨਹੀਂ ਪੁੱਜੇ ਅਧਿਕਾਰੀ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਪਹਿਲੂ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਰਵੱਈਆ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੂੰ ਵਾਰ-ਵਾਰ ਫੋਨ ਕਰਕੇ ਮੌਕੇ ਤੇ ਪਹੁੰਚਣ ਦੀ ਅਪੀਲ ਕੀਤੀ, ਪਰ ਉਨ੍ਹਾਂ ਅਗਲੇ ਦਿਨ ਮੌਕਾ ਦੇਖਣ ਆਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜਦੋਂ ਇੱਕ ਫੈਕਟਰੀ ਵਿੱਚ ਐਕਸਪਾਇਰੀ ਤਰੀਕਾਂ ਨਾਲ ਛੇੜਛਾੜ ਕੀਤੇ ਜਾਣ ਵਰਗੇ ਗੰਭੀਰ ਦੋਸ਼ ਸਾਹਮਣੇ ਆ ਰਹੇ ਹੋਣ ਤਾਂ ਸਿਹਤ ਵਿਭਾਗ ਨੂੰ ਅਗਲੇ ਦਿਨ ਤੱਕ ਉਡੀਕ ਕਰਨ ਦੀ ਕੀ ਲੋੜ ਹੈ? ਜੇਕਰ ਮੌਕੇ ਤੇ ਮੌਜੂਦ ਸਮੱਗਰੀ ਅਤੇ ਹੋਰ ਸਬੂਤਾਂ ਨਾਲ ਛੇੜਛਾੜ ਹੋ ਗਈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਕਲੋਨੀ ਵਾਸੀਆਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਗਲੇ ਦਿਨ ਤੱਕ ਫੈਕਟਰੀ ਵਿੱਚੋਂ ਸ਼ੱਕੀ ਸਮੱਗਰੀ ਹਟਾਈ ਜਾ ਸਕਦੀ ਹੈ ਜਾਂ ਕਥਿਤ ਗਤੀਵਿਧੀਆਂ ਨਾਲ ਸਬੰਧਤ ਸਬੂਤ ਨਸ਼ਟ ਕੀਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਕਿਤੇ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਹੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਵਾਲਾਂ ਦੇ ਘੇਰੇ ਚ ਸਿਹਤ ਵਿਭਾਗ ਦੀ ਜਵਾਬਦੇਹੀ ਉਨ੍ਹਾਂ ਕਿਹਾ ਕਿ ਆਮ ਲੋਕ ਖੁਦ ਅੱਗੇ ਆ ਕੇ ਅਜਿਹੀਆਂ ਗਤੀਵਿਧੀਆਂ ਦਾ ਖੁਲਾਸਾ ਕਰ ਰਹੇ ਹਨ ਤਾਂ ਸਿਹਤ ਵਿਭਾਗ ਦੀਆਂ ਫੂਡ ਸੇਫਟੀ ਟੀਮਾਂ ਦੀ ਜ਼ਿੰਮੇਵਾਰੀ ਕੀ ਸਿਰਫ਼ ਦਫ਼ਤਰਾਂ ਵਿੱਚ ਬੈਠ ਕੇ ਸ਼ਿਕਾਇਤਾਂ ਸੁਣਨ ਤੱਕ ਹੀ ਸੀਮਤ ਰਹਿ ਗਈ ਹੈ। ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲੇ ਵਿੱਚ ਤੁਰੰਤ ਜਾਂਚ, ਸ਼ੱਕੀ ਸਟਾਕ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਬਜ਼ੇ ਵਿੱਚ ਲੈਣਾ ਅਤੇ ਲੋੜ ਪੈਣ ਤੇ ਨਮੂਨੇ ਭਰਨਾ ਵਿਭਾਗ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਕੀ ਕਹਿੰਦੇ ਹਨ ਜਿਲ੍ਹਾ ਸਿਹਤ ਅਫਸਰ ਇਸ ਸਬੰਧੀ ਜਿਲ੍ਹਾ ਸਿਹਤ ਅਫਸਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਕੋਟਲਾ ਗੌਂਸਪੁਰ ਨਾਲ ਸਬੰਧਤ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੂਡ ਸੇਫਟੀ ਵਿਭਾਗ ਵੱਲੋਂ ਸਬੰਧਤ ਫੈਕਟਰੀ ਦੀ ਮੁੜ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਲੇਬਲ ਤਿਆਰ ਕਰਨ ਅਤੇ ਉਨ੍ਹਾਂ ਉੱਤੇ ਨਿਊਟ੍ਰੀਸ਼ਨ ਵੈਲਿਊ ਸਬੰਧੀ ਜਾਣਕਾਰੀ ਦਰਜ ਕਰਨ ਦਾ ਕੰਮ ਕੀਤਾ ਜਾਂਦਾ ਹੈ। ਇਹ ਲੇਬਲ ਕੈਨੇਡਾ ਸਮੇਤ ਹੋਰ ਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਉਤਪਾਦਾਂ ਉੱਤੇ ਲਗਾਏ ਜਾਂਦੇ ਹਨ। ਸਬੰਧਤ ਇਕਾਈ ਕੋਲ ਸੈਂਟਰਲ ਲਾਇਸੈਂਸ ਅਤੇ ਐਕਸਪੋਰਟ ਲਾਇਸੈਂਸ ਵੀ ਮੌਜੂਦ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਢਲੀ ਜਾਂਚ ਦੌਰਾਨ ਮੌਜੂਦ ਮਾਲ ਦੀ ਐਕਸਪਾਇਰੀ ਡੇਟ ਠੀਕ ਪਾਈ ਗਈ ਹੈ। ਜੇਕਰ ਜਾਂਚ ਦੌਰਾਨ ਕੋਈ ਗੜਬੜ ਸਾਹਮਣੇ ਆਉਂਦੀ ਹੈ ਤਾਂ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।