ਪਿੰਡ ਕੂੰਟ ਦੇ ਵਾਸੀਆਂ ਨੂੰ ਗੰਦੇ ਪਾਣੀ ਤੋਂ ਆਖਰ ਮਿਲੀ ਰਾਹਤ ਪਿੰਡ ਕੂੰਟ ਦੇ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਖੜ੍ਹੇ ਗੰਦੇ ਪਾਣੀ ਤੋਂ ਆਖਰ ਮਿਲੀ ਰਾਹਿਤ
Publish Date: Tue, 03 Nov 2026 05:27 PM (IST)
Updated Date: Tue, 03 Nov 2026 05:29 PM (IST)
ਖ਼ਬਰ ਦਾ ਅਸਰ ਹੈਪੀ, ਪੰਜਾਬੀ ਜਾਗਰਣ ਬੁੱਲ੍ਹੋਵਾਲ : ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਯਤਨਾਂ ਸਦਕਾ ਬੁੱਲ੍ਹੋਵਾਲ-ਭੋਗਪੁਰ ਰੋਡ ’ਤੇ ਸਥਿਤ ਪਿੰਡ ਕੂੰਟ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਪਿੰਡ ਵਿੱਚ ਸੀਵਰੇਜ ਅਤੇ ਨਵੇਂ ਛੱਪੜ ਦੀ ਪੁਟਾਈ ਲਈ ਜਾਰੀ ਗ੍ਰਾਂਟ ਨਾਲ ਛੱਪੜ ਦੇ ਓਵਰਫਲੋਅ ਕਾਰਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਆਲੇ-ਦੁਆਲੇ ਅਤੇ ਘਰਾਂ ਅੱਗੇ ਖੜ੍ਹੇ ਗੰਦੇ ਪਾਣੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਜਸਵਿੰਦਰ ਪਾਲ, ਮਨਜੀਤ ਸਿੰਘ ਲੰਬਰਦਾਰ ਅਤੇ ਪਰਮਜੀਤ ਰਾਮ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਲੰਮੇ ਸਮੇਂ ਤੋਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਾਲੀਆਂ ਦਾ ਗੰਦਾ ਪਾਣੀ ਅਤੇ ਪਸ਼ੂਆਂ ਦਾ ਮਲ-ਮੂਤਰ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਅਤੇ ਘਰਾਂ ਅੱਗੇ ਜਮ੍ਹਾਂ ਰਹਿੰਦਾ ਸੀ। ਇਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ, ਸਕੂਲ ਜਾਣ ਵਾਲੇ ਬੱਚਿਆਂ ਅਤੇ ਆਮ ਲੋਕਾਂ ਨੂੰ ਕਾਫ਼ੀ ਦਿੱਕਤ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਗ੍ਰਾਂਟ ਜਾਰੀ ਕਰਵਾਈ ਗਈ ਸੀ, ਪਰ ਕੰਮ ਵਿੱਚ ਦੇਰੀ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ ਰਹੀਆਂ। ਪਿੰਡ ਵਾਸੀਆਂ ਅਨੁਸਾਰ ਮੰਤਰੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦੇਣ ਉਪਰੰਤ ਕੰਮ ਨੇਪਰੇ ਚੜ੍ਹਿਆ। ਪਿੰਡ ਵਾਸੀਆਂ ਨੇ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਉਣ ਲਈ ਪੰਜਾਬੀ ਜਾਗਰਣ ਅਖ਼ਬਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਰਜ ਨਾਲ ਪੂਰੇ ਪਿੰਡ ਨੂੰ ਵੱਡੀ ਰਾਹਤ ਮਿਲੀ ਹੈ।