- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਘੁੰਮਣ ਨੇ ਹਲਕੇ ਖਸਤਾ ਹਾਲਤ ਵੈਲਨੈਸ ਕੇਂਦਰਾਂ ਦਾ ਮੁੱਦਾ ਚੁੱਕਿਆ

ਦੇਸ਼ ਰਾਜ, ਪੰਜਾਬੀ ਜਾਗਰਣ
ਦਾਤਾਰਪੁਰ : ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਤੋਂ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਆਪਣੇ ਹਲਕੇ ਦੇ ਪਿੰਡ ਜੰਡ, ਬੁੱਧਸਬਰਕਤ, ਰੱਕੜੀ ਦਾਤਾਰਪੁਰ ਅਤੇ ਚਮੂਹੀ ਦੇ ਹੈਲਥ ਵੈੱਲਨੈੱਸ ਕੇਂਦਰਾਂ ਦੀ ਖਸਤਾ ਹਾਲਤ ਦਾ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਗਿਆ ਹੈ। ਇਨ੍ਹਾਂ ਸੈਂਟਰਾਂ ਵਿੱਚ ਸਟਾਫ ਦੀ ਕੋਈ ਘਾਟ ਨਹੀਂ ਹੈ, ਪਰ ਇਮਾਰਤ ਦੀ ਖਸਤਾ ਹਾਲਤ ਕਾਰਨ ਮਰੀਜ਼ਾਂ ਨੂੰ ਭਾਰੀ ਖੱਜ਼ਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਵੱਲੋਂ ਸਿਹਤ ਮੰਤਰੀ ਨੂੰ ਪੁੱਛਿਆ ਗਿਆ ਕਿ ਇਹ ਕਦੋਂ ਤੱਕ ਪੂਰੇ ਹੋ ਜਾਣਗੇ। ਦਾਤਾਰਪੁਰ ਦੇ ਹੈਲਥ ਵੈਲਨੈਸ ਸੈਂਟਰ ਵਿੱਚ ਇੱਕ ਏਐੱਨਐੱਮ, ਇੱਕ ਹੈਲਥ ਵਰਕਰ ਮੇਲ, ਇੱਕ ਐੱਲਐੱਚਵੀ, ਇੱਕ ਸੀਐੱਚਓ ਤਾਇਨਾਤ ਹੈ, ਪਰ ਸਿਹਤ ਕੇਂਦਰ ਦੀ ਖਸਤਾ ਹਾਲਤ ਕਾਰਨ ਮਰੀਜ਼ਾਂ ਇੱਥੇ ਆਉਣ ਤੋਂ ਕੰਨੀ ਕਤਰਾ ਰਹੇ ਹਨ।
ਹੈਲਥ ਵੈੱਲਨੈੱਸ ਕੇਂਦਰ ਦੇ ਐੱਸਐੱਮਓ ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਕੇਂਦਰ ਦੀ ਇਮਾਰਤ ਦੀ ਖਸਤਾ ਹਾਲਤ ਬਾਰੇ ਰਿਪੋਰਟ ਉੱਚ ਦਫ਼ਤਰ ਵੱਲੋਂ ਮੰਗੀ ਗਈ ਜੀ, ਜਿਹੜੀ ਕਿ ਸਮੇਂ ਸਿਰ ਭੇਜ ਦਿੱਤੀ ਗਈ ਹੈ। ਇਸ ਸਿਹਤ ਕੇਂਦਰ ਦੀ ਨਵੀਂ ਬਣਾਈ ਜਾਣ ਵਾਲੀ ਇਮਾਰਤ ਉੱਤੇ ਕਰੀਬ 65 ਲੱਖ ਖਰਚ ਆਵੇਗਾ। ਇਸ ਸਬੰਧੀ ਬਣਦਾ ਐਸਟੀਮੇਟ ਤੇ ਲੋੜੀਂਦੇ ਦਸਤਾਵੇਜ਼ ਉੱਚ ਦਫ਼ਤਰ ਨੂੰ ਭੇਜ ਕੇ ਫੰਡ ਮੰਗੇ ਗਏ ਹਨ।
ਸਿਹਤ ਮੰਤਰੀ ਦਾ ਵਿਧਾਨ ਸਭਾ ’ਚ ਉੱਤਰ : ਵਿਧਾਇਕ ਘੁੰਮਣ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੁੱਲ 2466 ਵੈੱਲਨੈੱਸ ਸੈਂਟਰ ਹਨ, ਜਿਨ੍ਹਾਂ ਵਿੱਚੋਂ 984 ਦੀ ਮੁਰੰਮਤ ਕਰ ਦਿੱਤੀ ਗਈ ਹੈ। 928 ਸੈਂਟਰਾਂ ਦੀ ਮੁਰੰਮਤ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ 190 ਕੇਂਦਰਾਂ ਵਿੱਚੋਂ 123 ਕੇਂਦਰਾਂ ਦੀ ਮੁਰੰਮਤ ਹੋ ਚੁੱਕੀ ਹੈ, ਜਦਕਿ ਵਿਧਾਨ ਸਭਾ ਹਲਕਾ ਵਿਚ ਕੁੱਲ 38 ਕੇਂਦਰਾਂ ਵਿੱਚੋਂ 27 ਦੀ ਮੁਰੰਮਤ ਹੋ ਚੁੱਕੀ ਹੈ ਅਤੇ ਰਹਿੰਦੇ 11 ਕੇਂਦਰਾਂ ਦੀ ਅਗਲੀ ਵਾਰ ਵਿਚ ਮੁਰੰਮਤ ਦੌਰਾਨ ਇਨ੍ਹਾਂ ਪੰਜ ਕੇਂਦਰਾਂ ਦੀ ਵੀ ਮੁਰੰਮਤ ਹੋ ਜਾਵੇਗੀ।
ਵਿਰੋਧੀ ਧਿਰ ਨੇ ਚੁੱਕੇ ਸਵਾਲ : ਉੱਧਰ ਹਲਕਾ ਵਿਧਾਇਕ ਵੱਲੋਂ ਸਰਕਾਰ ਦੇ ਆਖਰੀ ਮਹੀਨਿਆਂ ਅੰਦਰ ਇਮਾਰਤਾਂ ਦੀ ਉਸਾਰੀ ਦੀ ਥਾਂ ਸਵਾਲ ਪੁੱਛ ਕੇ ਕੀਤੀ ਜਾ ਰਹੀ ਡੰਪ ਟਪਾਈ ਉੱਤੇ ਸਵਾਲ ਖੜ੍ਹੇ ਕਰਦਿਆਂ ਅਨਿਲ ਕੁਮਾਰ ਬਿੱਟੂ ਨੇ ਕਿਹਾ ਕਿ ਹਲਕੇ ਦੇ ਨੁਮਾਇੰਦੇ ਆਖਰੀ ਸਾਲ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਹਵਾਲਾ ਦੇ ਕੇ ਲੋਕਾਂ ਵਿੱਚ ਜਾਂਦੇ ਹਨ ਕਿ ਇਮਾਰਤਾਂ ਦੀ ਉਸਾਰੀ ਲਈ ਫੰਡ ਕਦੋਂ ਮਿਲਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਵਾਲ ਉਠਾ ਕੇ ਲੋਕਾਂ ਦੇ ਘੇਰੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।