ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਏ
ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਟਾਂਡਾ ਦੇ ਸਕੂਲਾਂ ਵਿੱਚ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਏ
Publish Date: Fri, 27 Nov 2026 05:44 PM (IST)
Updated Date: Fri, 27 Nov 2026 05:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੀ ਅਗਵਾਈ ਹੇਠ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਹੂਰਾ ਵਿਖੇ ਕਰੀਅਰ ਗਾਈਡੈਂਸ ਸੈਮੀਨਾਰ ਕਰਵਾਏ ਗਏ। ਇਨ੍ਹਾਂ ਵਿੱਚ ਕਰੀਬ 90 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਕਿੱਤੇ ਦੀ ਚੋਣ ਕਰਨ ਲਈ ਮਾਰਗਦਰਸ਼ਨ ਦੇਣਾ ਸੀ। ਯੰਗ ਪ੍ਰੋਫੈਸ਼ਨਲ ਵਿਰਕਮ ਸਿੰਘ ਨੇ ਰੋਜ਼ਗਾਰ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ, ਕਰੀਅਰ ਕਾਊਂਸਲਿੰਗ, ਨੌਕਰੀਆਂ, ਸਵੈ-ਰੋਜ਼ਗਾਰ ਸਕੀਮਾਂ ਅਤੇ ਨੈਸ਼ਨਲ ਕਰੀਅਰ ਸਰਵਿਸ ਪੋਰਟਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਫੂਡ ਕਰਾਫਟ ਇੰਸਟੀਚਿਊਟ ਹੁਸ਼ਿਆਰਪੁਰ ਦੇ ਜ਼ਿਲ੍ਹਾ ਕੋਆਰਡੀਨੇਟਰ ਅਸ਼ਵਨੀ ਕੁਮਾਰ ਕੁੰਡਲ ਨੇ ਕਿੱਤਾਮੁਖੀ ਕੋਰਸਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅਜਿਹੇ ਕੋਰਸ ਕਰਕੇ ਨੌਜਵਾਨ ਆਤਮ-ਨਿਰਭਰ ਬਣਨ ਦੇ ਨਾਲ ਦੂਜਿਆਂ ਨੂੰ ਵੀ ਰੋਜ਼ਗਾਰ ਦੇ ਸਕਦੇ ਹਨ। ਸਕੂਲਾਂ ਦੇ ਪ੍ਰਿੰਸੀਪਲ ਰੋਹਿਤ ਕੁਮਾਰ ਅਤੇ ਸ਼ਰਨਜੀਤ ਸਿੰਘ ਨੇ ਰੋਜ਼ਗਾਰ ਬਿਊਰੋ ਦਾ ਧੰਨਵਾਦ ਕੀਤਾ।