- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾਂਜਲੀ ਸਮਾਗਮ ’ਤੇ ਵਿਸ਼ੇਸ਼

ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ: ਪਿੰਡ ਕੋਟਲਾ ਨੌਧ ਸਿੰਘ ਨੂੰ ਮਹਾਨ ਦੇਸ਼ ਭਗਤ ਗ਼ਦਰੀ ਬਾਬਿਆਂ ਦਾ ਪਿੰਡ ਹੋਣ ਦਾ ਮਾਣ ਪ੍ਰਾਪਤ ਹੈ। ਇਸ ਪਿੰਡ ਨੂੰ ਗ਼ਦਰ ਲਹਿਰ ਦੇ ਸਭ ਤੋਂ ਘੱਟ ਉਮਰ ਦੇ ਤੇ ਸਭ ਤੋਂ ਵੱਧ ਸਰਗਰਮ ਰਹੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਚਰਨ ਛੋਹ ਪ੍ਰਾਪਤ ਹੈ। ਗ਼ਦਰੀ ਬੀਬੀ ਗੁਲਾਬ ਕੌਰ ਨੂੰ ਵੀ ਅੰਤਿਮ ਸਵਾਸਾਂ ਤੱਕ ਇਸੇ ਪਿੰਡ ਨੇ ਆਪਣੀ ਬੁੱਕਲ ਵਿੱਚ ਸਮੋਈ ਰੱਖਿਆ। ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ, ਬਾਬਾ ਸ਼ਿਵ ਸਿੰਘ ਅਤੇ ਬਾਬਾ ਅਮਰ ਸਿੰਘ ਸਮੇਤ ਇਸ ਪਿੰਡ ਦੇ ਕਈ ਯੋਧਿਆਂ ਨੇ ਆਜ਼ਾਦੀ ਸੰਗਰਾਮ ਵਿੱਚ ਅਥਾਹ ਯੋਗਦਾਨ ਪਾਇਆ। ਗ਼ਦਰੀ ਬਾਬਿਆਂ ਦੀ ਇਸ ਪਵਿੱਤਰ ਅਤੇ ਪੂਜਨੀਕ ਧਰਤੀ ’ਤੇ ਪਿਤਾ ਸਰਦਾਰ ਤੇਜਾ ਸਿੰਘ ਅਤੇ ਮਾਤਾ ਨਸੀਬ ਕੌਰ ਦੇ ਘਰ 26 ਜਨਵਰੀ 1938 ਨੂੰ ਕਾਮਰੇਡ ਜਰਨੈਲ ਸਿੰਘ ਦਾ ਜਨਮ ਹੋਇਆ ਅਤੇ ਉਨਾਂ ਨੇ ਵੱਡੇ ਹੋ ਕੇ ਗ਼ਦਰੀ ਬਾਬਿਆਂ ਦੇ ਵਿਚਾਰਾਂ ਨੂੰ ਅਪਣਾਇਆ। ਕਾਮਰੇਡ ਜਰਨੈਲ ਸਿੰਘ ਚੱਲਦੀ ਫਿਰਦੀ ਯੂਨੀਵਰਿਸਟੀ ਸਨ, ਜਿਨ੍ਹਾਂ ਕੋਲ ਦੇਸ਼ ਦੇ ਆਜ਼ਾਦੀ ਸੰਗਰਾਮ ਸਬੰਧੀ ਗਿਆਨ ਦਾ ਅਥਾਹ ਭੰਡਾਰ ਸੀ। ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਕੋਟਲਾ ਨੌਧ ਸਿੰਘ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਸਮਾਜ ਦੇ ਹਰ ਵਰਗ ਦੇ ਆਗੂ ਆਪਣੇ ਸੱਚੇ ਸੁੱਚੇ ਜਰਨੈਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਇਲਾਕੇ ਤੋਂ ਕਿਸਾਨ ਆਗੂ ਉੱਘੇ ਸਮਾਜ ਸੇਵਕ ਤਲਵਿੰਦਰ ਹੀਰ ਨੰਗਲ ਖਿਡਾਰੀਆਂ ਦੀ ਅਗਵਾਈ ਹੇਠ ਸੰਗਤਾਂ ਦਾ ਇੱਕ ਵੱਡਾ ਕਾਫਲਾ ਇਸ ਸਮਾਗਮ ਵਿੱਚ ਸ਼ਾਮਲ ਹੋਵੇਗਾ।