ਪਿੰਡ ਸਹਿਜੋਵਾਲ ’ਚ ਟਰਾਂਸਫਾਰਮਰ ਦਾ ਤੇਲ ਤੇ ਕੁਆਇਲਾਂ ਚੋਰੀ ਪਿੰਡ ਸਹਿਜੋਵਾਲ 'ਚ ਟਰਾਂਸਫਾਰਮਰ ਦਾ ਤੇਲ ਅਤੇ ਕੋਆਇਲਾਂ ਚੋਰੀ
Publish Date: Mon, 07 Sep 2026 04:37 PM (IST)
Updated Date: Mon, 07 Sep 2026 04:40 PM (IST)
ਗੌਰਵ, ਪੰਜਾਬੀ ਜਾਗਰਣ ਗੜ੍ਹਦੀਵਾਲਾ : ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਮੋਟਰਾਂ ਅਤੇ ਟ੍ਰਾਂਸਫਾਰਮਰਾਂ ਵਿੱਚੋਂ ਸਮਾਨ ਚੋਰੀ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਲੋਕ ਬਹੁਤ ਪਰੇਸ਼ਾਨ ਹਨ। ਉੱਥੇ ਹੀ ਨਵਾਂ ਮਾਮਲਾ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਸਹਿਜੋਵਾਲ ਵਿਖੇ ਚੋਰੀ ਦੀ ਇੱਕ ਬੇਹੱਦ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਅਣਪਛਾਤੇ ਚੋਰਾਂ ਨੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਕੀਮਤ ਦਾ ਬਿਜਲੀ ਦਾ ਸਮਾਨ, ਟਰਾਂਸਫਾਰਮਰ ਦਾ ਤੇਲ ਅਤੇ ਤਾਂਬੇ ਦੀਆਂ ਕੁਆਇਲਾਂ ਚੋਰੀ ਕਰ ਲਈਆਂ। ਪ੍ਰਾਪਤ ਜਾਣਕਾਰੀ ਅਨੁਸਾਰ, ਪਰਸ਼ੋਤਮ ਲਾਲ ਨੇ ਦੱਸਿਆ ਕਿ ਬੀਤੀ 5 ਤਰੀਕ ਨੂੰ ਚੋਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਖੇਤਾਂ ਚ ਪਹੁੰਚੇ ਅਤੇ ਟਰਾਂਸਫਾਰਮਰ ਨੂੰ ਹੇਠਾਂ ਉਤਾਰ ਕੇ ਉਸ ਵਿਚਲਾ ਸਾਰਾ ਤੇਲ ਕੱਢ ਲਿਆ। ਇਸ ਤੋਂ ਬਾਅਦ ਚੋਰਾਂ ਨੇ ਟਰਾਂਸਫਾਰਮਰ ਦੇ ਅੰਦਰੋਂ ਮਹਿੰਗੀਆਂ ਤਾਂਬੇ ਦੀਆਂ ਕੋਆਇਲਾਂ ਅਤੇ ਹੋਰ ਬਿਜਲੀ ਦਾ ਅਹਿਮ ਸਾਮਾਨ ਖੋਲ੍ਹ ਲਿਆ ਅਤੇ ਮੌਕੇ ਤੋਂ ਆਸਾਨੀ ਨਾਲ ਫਰਾਰ ਹੋ ਗਏ। ਇੱਥੋਂ ਤੱਕ ਕਿ ਮੋਟਰ ਨੂੰ ਲੱਗੀ ਹੋਈ ਤਾਰ ਵੀ ਕੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਵਾਰਦਾਤ ਸਾਡੇ ਨਾਲ ਹੋ ਚੁੱਕੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਫਸਲਾਂ ਦੀ ਸਿੰਚਾਈ ਦਾ ਸਮਾਂ ਚੱਲ ਰਿਹਾ ਹੈ ਤੇ ਟਰਾਂਸਫਾਰਮਰ ਖਰਾਬ/ਚੋਰੀ ਹੋਣ ਕਾਰਨ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ, ਜਿਸ ਨਾਲ ਫਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।