- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ.ਏ.ਯੂ.-ਕੇ.ਵੀ.ਕੇ. ਹੁਸ਼ਿਆਰਪੁਰ ਵੱਲੋਂ ਗੁੜ ਅਤੇ ਸ਼ੱਕਰ ਬਣਾਉਣ ਦੀ ਸਿਖਲਾਈ ਦਿੱਤੀ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਜਿਲਾ ਪੱਧਰੀ ਪਸਾਰ ਅਦਾਰੇ, ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਹੁਸ਼ਿਆਰਪੁਰ ਵੱਲੋਂ ਮਿਆਰੀ ਗੁੜ ਅਤੇ ਸ਼ੱਕਰ ਬਣਾਉਣ ਬਾਬਤ ਬੀਤੇ ਦਿਨੀਂ ਪੰਜ ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਲਗਾਇਆ ਗਿਆ। ਉਦਘਾਟਨੀ ਪ੍ਰੋਗਰਾਮ ਦੌਰਾਨ ਸਹਿਯੋਗੀ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਨੇ ਆਏ ਹੋਏ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਸੇਵਾਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਵਧੀਆ ਗੁੜ ਅਤੇ ਸ਼ੱਕਰ ਤਿਆਰ ਕਰਨ ਸਬੰਧੀ ਗੰਨੇ ਦੀ ਫਸਲ ਵਿੱਚ ਸਿਫ਼ਾਰਸ਼ ਤਕਨੀਕਾਂ ਅਪਨਾਉਣ ਲਈ ਕਿਹਾ। ਇਸ ਸਿਖਲਾਈ ਵਿੱਚ ਸਹਾਇਕ ਪ੍ਰੋਫੈਸਰ ਡਾ. ਅਜੈਬ ਸਿੰਘ ਨੇ ਵਧੀਆ ਗੁੜ ਦੇ ਉਤਪਾਦਨ ਅਤੇ ਪੈਕਿੰਗ ਬਾਬਤ ਜਾਣਕਾਰੀ ਮੁਹੱਈਆ ਕਰਵਾਈ।ਉਨ੍ਹਾਂ ਦੱਸਿਆ ਕਿ ਪੈਵੀ ਘੁਲਾੜੇ ਲੱਗਭਗ 70 ਪ੍ਰਤੀਸ਼ਤ ਰਸ ਕੱਢ ਲੈਂਦੇ ਹਨ, ਜਦ ਕਿ ਖੜਵੀ ਘੁਲਾੜੇ ਲੱਗਭਗ 60 ਪ੍ਰਤੀਸਤ ਰਸ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਗੰਨੇ ਦੀ ਕਟਾਈ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਵਰਤ ਲੈਣਾ ਚਾਹੀਦਾ ਹੈ। ਸਿਖਲਾਈ ਦੌਰਾਨ ਪਿੰਡ ਬੁੱਗਰਾ ਵਿਖੇ ਅਗਾਂਹਵਧੂ, ਇਨਾਮ ਜੇਤੂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਿਆਰਥੀ ਤਰਨਜੀਤ ਸਿੰਘ ਮਾਨ ਦੇ ਆਧੁਨਿਕ ਗੁੜ/ਸ਼ੱਕਰ ਬਨਾਉਣ ਵਾਲੀ ਇਕਾਈ ਦਾ ਸਿਖਲਾਈ ਦੌਰਾ ਵੀ ਕਰਵਾਇਆ ਗਿਆ।