- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਚੌਕੀ ਤੋਂ 100ਮੀਟਰ ਦੀ ਦੂਰੀ ਤੋਂ ਤਿੰਨ ਨਕਾਬਪੋਸ਼ 3 ਦੁਕਾਨਾਂ ਤੋਂ ਲੱਖਾਂ ਦਾ ਸਾਮਾਨ ਚੌਰੀ ਕਰਕੇ ਫਰਾਰ

- ਦੇਰ ਰਾਤ ਚੋਰਾਂ ਨੇ ਕਟਰਾਂ ਨਾਲ ਦੁਕਾਨਾਂ ਦੇ ਤਾਲੇ ਕੱਟ ਕੇ ਵਾਰਦਾਤ ਨੂੰ ਦਿੱਤਾ ਅੰਜਾਮ
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ
ਬੀਣੇਵਾਲ ਬੀਤ : ਬੀਤ ਇਲਾਕੇ ਦੇ ਅੱਡਾ ਝੁੰਗੀਆਂ ’ਚ ਪੁਲਿਸ ਚੌਕੀ ਬੀਨੇਵਾਲ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਨਕਾਬਪੋਸ਼ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੇਰ ਰਾਤ ਚੋਰਾਂ ਨੇ ਕਟਰਾਂ ਨਾਲ ਦੁਕਾਨਾਂ ਦੇ ਤਾਲੇ ਕੱਟੇ। ਪੁਲਿਸ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਦੇ ਨਾਲ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸ਼ਨਿਚਰਵਾਰ ਦੇਰ ਰਾਤ ਤਿੰਨ ਨਕਾਬਪੋਸ਼ ਚੋਰ ਅੱਡਾ ਝੁੰਗੀਆਂ ਵਿਖੇ ਪਹੁੰਚੇ ਅਤੇ ਰੈਡੀਮੇਡ ਕੱਪੜਿਆਂ ਦੀਆਂ ਦੋ ਦੁਕਾਨਾਂ ਅਤੇ ਇੱਕ ਬੁਟੀਕ ਦੇ ਤਾਲੇ ਕੱਟ ਕੇ ਅੰਦਰ ਦਾਖਲ ਹੋਏ। ਪੀੜਤ ਪੂਜਾ ਦੇ ਪਤੀ ਬਲਵੀਰ ਕੁਮਾਰ ਵਾਸੀ ਭਵਾਨੀਪੁਰ ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚੋਂ ਕਰੀਬ ਡੇਢ ਲੱਖ ਰੁਪਏ ਦੇ ਕੱਪੜੇ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਨੂੰ ਹੀ ਦੁਕਾਨ ’ਚ ਕਰੀਬ 35 ਹਜ਼ਾਰ ਰੁਪਏ ਦੀ ਕੀਮਤ ਦੇ ਔਰਤਾਂ ਦੇ ਬਰੇਸਲੇਟ ਅਤੇ ਹੋਰ ਸਾਮਾਨ ਲੈ ਕੇ ਆਇਆ ਸੀ, ਜਿਸ ਨੂੰ ਚੋਰ ਵੀ ਆਪਣੇ ਨਾਲ ਲੈ ਗਏ।
ਇਸ ਦੇ ਨਾਲ ਹੀ ਅੰਕੁਸ਼ ਰਾਣਾ ਵਾਸੀ ਡੱਲੇਵਾਲ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੋਂ ਚੋਰਾਂ ਨੇ ਕਰੀਬ 50 ਹਜ਼ਾਰ ਰੁਪਏ ਦੇ ਕੱਪੜੇ ਚੋਰੀ ਕਰ ਲਏ। ਇਸ ਤੋਂ ਇਲਾਵਾ ਚੋਰਾਂ ਨੇ ਇੱਕ ਬੁਟੀਕ ਦੀ ਦੁਕਾਨ ਵਿੱਚੋਂ ਇੱਕ ਪਰਸ ਵੀ ਚੋਰੀ ਕਰ ਲਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਤਿੰਨ ਨਕਾਬਪੋਸ਼ ਨੌਜਵਾਨ ਗਲੀ ਤੋਂ ਆਉਂਦੇ ਅਤੇ ਦੁਕਾਨਾਂ ਦੇ ਤਾਲੇ ਕੱਟਦੇ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਇੱਕ ਮੁਲਜ਼ਮ ਦੇ ਹੱਥ ਵਿੱਚ ਇਲੈਕਟ੍ਰਿਕ ਕਟਰ ਵੀ ਨਜ਼ਰ ਆ ਰਿਹਾ ਹੈ। ਤਿੰਨੋਂ ਚੋਰਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਢੱਕੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਗਈ ਸੀ।
ਮਾਮਲੇ ਨਾਲ ਸਬੰਧਿਤ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ ਅਤੇ ਬਾਕੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ’ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਚੌਕੀ ਦੇ ਐਨ ਨੇੜੇ ਵਾਪਰੀ ਚੋਰੀ ਦੀ ਘਟਨਾ ਕਾਰਨ ਇਲਾਕੇ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਰਹੇ ਹਨ।