22 ਨਵੰਬਰ ਨੂੰ ਹੁਸ਼ਿਆਰਪੁਰ ਵਿੱਚ ਵਿਛੇਗੀ ਸ਼ਹਿ ਤੇ ਮਾਤ ਦੀ ਬਿਸਾਤ 22 ਨਵੰਬਰ ਨੂੰ ਹੁਸ਼ਿਆਰਪੁਰ ਵਿੱਚ ਵਿਛੇਗੀ ਸ਼ਹਿ ਤੇ ਮਾਤ ਦੀ ਬਿਸਾਤ
Publish Date: Sat, 14 Nov 2026 04:51 PM (IST)
Updated Date: Sat, 14 Nov 2026 04:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸ਼ਤਰੰਜ ਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸ਼ਹਿਰ ਨੂੰ ਇਸ ਖੇਡ ਦੇ ਖੇਤਰ ਵਿੱਚ ਨਵੀਂ ਪਛਾਣ ਦਿਵਾਉਣ ਦੇ ਉਦੇਸ਼ ਨਾਲ ਹੁਸ਼ਿਆਰਪੁਰ ਚੈੱਸ ਕਲੱਬ ਵੱਲੋਂ ਦੂਜੀ ਹੁਸ਼ਿਆਰਪੁਰ ਓਪਨ ਸ਼ਤਰੰਜ ਪ੍ਰਤੀਯੋਗਤਾ-2026 ਕਰਵਾਈ ਜਾ ਰਹੀ ਹੈ। ਇਹ ਮੁਕਾਬਲਾ 22 ਨਵੰਬਰ ਨੂੰ ਲਕਸ਼ਮੀ ਐਨਕਲੇਵ ਸਥਿਤ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਿਖੇ ਹੋਵੇਗਾ। ਇਸ ਵਿੱਚ ਪੰਜਾਬ ਤੋਂ ਇਲਾਵਾ ਜੰਮੂ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਹਰਿਆਣਾ ਦੇ ਖਿਡਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਕਲੱਬ ਵੱਲੋਂ ਕਰਵਾਏ ਗਏ ਪਹਿਲੇ ਸ਼ਤਰੰਜ ਮੁਕਾਬਲੇ ਵਿੱਚ ਲਗਭਗ 250 ਖਿਡਾਰੀਆਂ ਨੇ ਭਾਗ ਲਿਆ ਸੀ। ਇਸ ਭਰਵੇਂ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਇਸ ਵਾਰ ਵੀ ਮੁਕਾਬਲਾ ਵੱਡੇ ਪੱਧਰ ਤੇ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ 50 ਫੀਸਦੀ ਛੋਟ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਲੱਬ ਵੱਲੋਂ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਂਟਰੀ ਫੀਸ ਵਿੱਚ 50 ਫੀਸਦੀ ਛੋਟ ਮਿਲੇਗੀ, ਜਦਕਿ ਦਿਵਿਆਂਗ ਖਿਡਾਰੀ ਮੁਫ਼ਤ ਭਾਗ ਲੈ ਸਕਣਗੇ। ਕਲੱਬ ਦਾ ਉਦੇਸ਼ ਹੁਸ਼ਿਆਰਪੁਰ ਵਿੱਚੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸ਼ਤਰੰਜ ਖਿਡਾਰੀ ਤਿਆਰ ਕਰਨਾ ਹੈ। ਇਸ ਸਬੰਧੀ ਪ੍ਰਬੰਧਕ ਡਾ. ਰਣਜੀਤ ਸਿੰਘ ਨੇ ਕਿਹਾ ਕਿ ਸ਼ਤਰੰਜ ਬੱਚਿਆਂ ਵਿੱਚ ਇਕਾਗਰਤਾ, ਧੀਰਜ, ਅਨੁਸ਼ਾਸਨ, ਤਰਕਸ਼ੀਲ ਸੋਚ ਅਤੇ ਫੈਸਲਾ ਲੈਣ ਦੀ ਸਮਰੱਥਾ ਵਿਕਸਿਤ ਕਰਦੀ ਹੈ। ਉਨ੍ਹਾਂ ਮਾਪਿਆਂ, ਸਕੂਲਾਂ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮੁਕਾਬਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਮਲਜੀਤ, ਬਲਵਿੰਦਰ, ਹਰਪ੍ਰੀਤ ਕੌਰ, ਚੰਦਰਦੀਪ, ਸੁਖਜਿੰਦਰ, ਗਗਨਦੀਪ, ਸ਼ਿਖਾ ਸ਼ਰਮਾ ਅਤੇ ਗੌਰੇਸ਼ ਸੈਣੀ ਵੀ ਮੌਜੂਦ ਸਨ।