ਫੂਡ ਸੇਫਟੀ ਟੀਮ ਨੇ ਕੋਲਡ ਡਰਿੰਕਸ ਤੇ ਪੈਕਡ ਪਾਣੀ ਦੇ ਤਿੰਨ ਸੈਂਪਲ ਭਰੇ
ਸ਼ਿਕਾਇਤ ਦੇ ਆਧਾਰ ’ਤੇ ਫੂਡ ਸੇਫਟੀ ਟੀਮ ਨੇ ਕੋਲਡ ਡਰਿੰਕਸ ਤੇ ਪੈਕਡ ਪਾਣੀ ਦੇ ਤਿੰਨ ਸੈਂਪਲ ਭਰੇ
Publish Date: Sat, 28 Nov 2026 04:03 PM (IST)
Updated Date: Sat, 28 Nov 2026 04:05 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਸਬੰਧਤ ਅਦਾਰੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੋਲਡ ਡਰਿੰਕਸ ਅਤੇ ਪੈਕਡ ਡਰਿੰਕਿੰਗ ਵਾਟਰ ਦੇ ਤਿੰਨ ਸੈਂਪਲ ਭਰੇ ਗਏ। ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ। ਟੀਮ ਵਿੱਚ ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ ਅਤੇ ਰਾਮਲੋਬਾਇਆ ਵੀ ਸ਼ਾਮਲ ਸਨ। ਜਾਂਚ ਦੌਰਾਨ ਲਾਹੌਰੀ ਜੀਰਾ, ਲਿਮਕਾ ਅਤੇ ਪੈਕਡ ਡਰਿੰਕਿੰਗ ਵਾਟਰ ਦਾ ਇੱਕ-ਇੱਕ ਸੈਂਪਲ ਲਿਆ ਗਿਆ। ਇਹ ਸੈਂਪਲ ਗੁਣਵੱਤਾ ਦੀ ਜਾਂਚ ਲਈ ਖਰੜ ਸਥਿਤ ਲੈਬਾਰਟਰੀ ਵਿੱਚ ਭੇਜੇ ਜਾਣਗੇ। ਰਿਪੋਰਟ ਮਿਲਣ ਤੋਂ ਬਾਅਦ ਨਤੀਜਿਆਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਮਾਪਦੰਡਾਂ ਦੀ ਉਲੰਘਣਾ ਪਾਏ ਜਾਣ ’ਤੇ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖਾਣ-ਪੀਣ ਵਾਲੀਆਂ ਵਸਤਾਂ ਖਰੀਦਣ ਸਮੇਂ ਪੈਕਿੰਗ, ਮਿਆਦ ਅਤੇ ਲੇਬਲਿੰਗ ਦੀ ਜਾਂਚ ਜ਼ਰੂਰ ਕਰਨ ਅਤੇ ਸ਼ੱਕੀ ਵਸਤਾਂ ਦੀ ਖਰੀਦ ਤੋਂ ਗੁਰੇਜ਼ ਕਰਨ।