ਗੁਰਮਤਿ ਸਮਾਗਮ ਦੇ ਸਬੰਧ ’ਚ ਨਗਰ ਕੀਰਤਨ ਸਜਾਇਆ ਮਹਾਂਪੁਰਸ਼ਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ
Publish Date: Fri, 20 Nov 2026 04:12 PM (IST)
Updated Date: Fri, 20 Nov 2026 04:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੈਲਾ ਖੁਰਦ: ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ, ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀਆਂ ਸਲਾਨਾ ਯਾਦਾਂ ਦੇ ਸੰਬੰਧ ਵਿੱਚ ਨਿਰਮਲ ਕੁਟੀਆ ਟੂਟੋਮਜਾਰਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਨੇ ਕੀਤੀ। ਨਿਰਮਲ ਕੁਟੀਆ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ ਨੇ ਸਤਿਨਾਮ ਵਾਹਿਗੁਰੂ ਜੀ ਦਾ ਉਚਾਰਨ ਕਰਦਿਆਂ ਨਗਰ ਕੀਰਤਨ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਹਰਮੇਲ ਸਿੰਘ ਹੁਸ਼ਿਆਰਪੁਰ, ਪਰਸ਼ੋਤਮ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਜਸਤਿੰਦਰ ਸਿੰਘ, ਜਗਤਾਰ ਸਿੰਘ, ਮੋਹਨ ਸਿੰਘ, ਹਰਪੋਲਸਿੰਘ ਸਮੇਤ ਲਾਗਲੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਤੋਂ ਬਾਅਦ ਇਹ ਨਗਰ ਕੀਰਤਨ ਮੰਦਰ ਸ਼੍ਰੀ ਮਾਈ ਬਾਲੀ, ਪੁਰਾਤਨ ਸ਼ਿਵ ਮੰਦਿਰ, ਗੁ.ਬਾਬਾ ਅੱਗੜ ਸਿੰਘ ਜੀ, ਕੁਟੀਆ ਬਾਬਾ ਰੰਗੀ ਰਾਮ ਜੀ ਤੋਂ ਹੁੰਦਾ ਹੋਇਆ ਵਾਪਸ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਆ ਕੇ ਸਮਾਪਤ ਹੋਇਆ। ਧਾਰਮਿਕ ਸਥਾਨਾਂ ਦੇ ਮੁੱਖ ਸੇਵਾਦਾਰਾਂ ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਨਗਰ ਕੀਰਤਨ ਦਾ ਭਰਪੂਰ ਸਵਾਗਤ ਅਤੇ ਸੰਗਤਾਂ ਲਈ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ। ਮਹਾਂਪੁਰਸ਼ਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਾਬਾ ਮੱਖਣ ਸਿੰਘ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ 21 ਨਵੰਬਰ ਨੂੰ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਤੋਂ ਪਹੁੰਚ ਰਹੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਆਪਣੇ ਧਾਰਮਿਕ ਪ੍ਰਵਚਨਾਂ ਰਾਹੀਂ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਨਾਮ ਨਾਲ ਜੋੜਦੇ ਹੋਏ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ, ਸੰਤ ਬਾਬਾ ਸਤਿਨਾਮ ਜੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਹਨਾਂ ਦੱਸਿਆ ਕਿ ਇਹ ਸਮਾਗਮ ਧੰਨ- ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।