- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਂਡਾ ਦੇ ਲਾਹੌਰੀਆ ਮੁਹੱਲੇ ਵਿੱਚ 14 ਸਤੰਬਰ ਨੂੰ ਦਿਨ-ਦਿਹਾੜੇ ਗੁਲਜ਼ਾਰ ਸਿੰਘ ਦੇ ਕਤਲ ਦੀ ਜਾਂਚ ਦੌਰਾਨ 46 ਸਾਲ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦਾ ਟਾਂਡਾ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ।

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਟਾਂਡਾ ਦੇ ਲਾਹੌਰੀਆ ਮੁਹੱਲੇ ਵਿੱਚ 14 ਸਤੰਬਰ ਨੂੰ ਦਿਨ-ਦਿਹਾੜੇ ਗੁਲਜ਼ਾਰ ਸਿੰਘ ਦੇ ਕਤਲ ਦੀ ਜਾਂਚ ਦੌਰਾਨ 46 ਸਾਲ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦਾ ਟਾਂਡਾ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ ਹੈ। ਡੀਐੱਸਪੀ ਦਵਿੰਦਰ ਸਿੰਘ ਬਾਜਵਾ ਮੁਤਾਬਕ ਪੁੱਛਗਿੱਛ ਵਿੱਚ ਕਤਲ ਦੀ ਸਾਜ਼ਿਸ਼ ਸਬੰਧੀ ਅਹਿਮ ਖੁਲਾਸੇ ਹੋਏ ਹਨ।
ਪੁਲਿਸ ਅਨੁਸਾਰ ਜਤਿੰਦਰ ਸਿੰਘ ਨੇ ਬਾਬਾ ਤਜਿੰਦਰ ਸਿੰਘ ਉਰਫ਼ ਬਿੱਟੂ ਬਾਬਾ ਨੂੰ ਗੁਲਜ਼ਾਰ ਸਿੰਘ ਦੇ ਕਤਲ ਦੀ ਸੁਪਾਰੀ ਦਿੰਦਿਆਂ ਸ਼ਰਤ ਰੱਖੀ ਸੀ ਕਿ ਜਿਵੇਂ ਉਸ ਦੇ ਭਰਾ ਜੈਦੇਵ ਸਿੰਘ ਨੂੰ ਕਿਰਚਾਂ ਮਾਰ ਕੇ ਕਤਲ ਕੀਤਾ ਗਿਆ ਸੀ, ਉਸੇ ਤਰ੍ਹਾਂ ਗੁਲਜ਼ਾਰ ਸਿੰਘ ਨੂੰ ਵੀ ਕਿਰਚ ਨਾਲ ਮਾਰਿਆ ਜਾਵੇ। ਪੁਲਿਸ ਦਾ ਦਾਅਵਾ ਹੈ ਕਿ ਕਤਲ ਇਸੇ ਤਰੀਕੇ ਨਾਲ ਕੀਤਾ ਗਿਆ।
ਅਮਰੀਕਾ ਬੈਠੇ ਜਗਜੀਤ ’ਤੇ ਕਥਿਤ ਸੁਪਾਰੀ ਦੇਣ ਦਾ ਦੋਸ਼
ਡੀਐੱਸਪੀ ਬਾਜਵਾ ਅਨੁਸਾਰ ਅਮਰੀਕਾ ਵਿੱਚ ਰਹਿ ਰਹੇ ਜਗਜੀਤ ਸਿੰਘ ਨੇ ਕਥਿਤ ਤੌਰ ’ਤੇ ਕਤਲ ਦੀ ਸੁਪਾਰੀ ਬਿੱਟੂ ਬਾਬਾ ਨੂੰ ਦਿੱਤੀ। ਬਿੱਟੂ ਬਾਬਾ ਬੇਟ ਖੇਤਰ ਦੇ ਪਿੰਡ ਗੁਰਾਲਾ ਵਿੱਚ ਬਾਬਾ ਬਾਲਕ ਨਾਥ ਜੀ ਦੇ ਨਾਮ ’ਤੇ ਚੱਲ ਰਹੇ ਡੇਰੇ ਦਾ ਪੈਰੋਕਾਰ ਦੱਸਿਆ ਗਿਆ ਹੈ। ਉਸ ਨੇ ਆਪਣੇ ਸੇਵਕ ਡਾਕਟਰ ਬਲਵਿੰਦਰ ਸਿੰਘ ਭਾਟੀਆ ਵਾਸੀ ਜੈਦਾ ਬਸੀ ਨਾਲ ਸੰਪਰਕ ਕੀਤਾ।
ਪੁਲਿਸ ਮੁਤਾਬਕ ਡਾਕਟਰ ਬਲਵਿੰਦਰ ਨੇ ਕੱਥੂਨੰਗਲ ਵਾਸੀ ਜਤਿੰਦਰ ਸਿੰਘ ਉਰਫ਼ ਲਾਡਾ ਨੂੰ ਬਿੱਟੂ ਬਾਬਾ ਨਾਲ ਮਿਲਾਇਆ। ਇਸ ਤੋਂ ਬਾਅਦ ਗੁਲਜ਼ਾਰ ਸਿੰਘ ਦੀ ਦੁਕਾਨ ਦੀ ਰੇਕੀ ਕਰਵਾਈ ਗਈ। 14 ਸਤੰਬਰ ਨੂੰ ਲਾਡਾ ਆਪਣੇ ਸਾਥੀਆਂ ਕਰਨ ਉਰਫ਼ ਭੀਚਾ ਅਤੇ ਸਾਹਿਬ ਸਿੰਘ ਨਾਲ ਟਾਂਡਾ ਪਹੁੰਚਿਆ। ਪੁਲਿਸ ਦਾ ਦਾਅਵਾ ਹੈ ਕਿ ਲਾਡਾ ਨੇ ਦੋਵਾਂ ਨੂੰ ਨਸ਼ਾ ਕਰਵਾਇਆ ਅਤੇ ਗੁਲਜ਼ਾਰ ਸਿੰਘ ’ਤੇ ਕਿਰਚ ਨਾਲ ਹਮਲਾ ਕਰ ਦਿੱਤਾ।
ਕਿਰਚ ਨਾਲ 20 ਤੋਂ 22 ਵਾਰ
ਪੁਲਿਸ ਅਨੁਸਾਰ ਗੁਲਜ਼ਾਰ ਸਿੰਘ ’ਤੇ ਕਿਰਚ ਨਾਲ ਕਰੀਬ 20 ਤੋਂ 22 ਵਾਰ ਕੀਤੇ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਕਤਲ ਦਾ ਤਰੀਕਾ 46 ਸਾਲ ਪਹਿਲਾਂ ਹੋਏ ਜੈਦੇਵ ਸਿੰਘ ਦੇ ਕਤਲ ਵਰਗਾ ਹੀ ਰੱਖਿਆ ਗਿਆ।
ਪੁਲਿਸ ਹੁਣ ਸਾਜ਼ਿਸ਼ ਦੀਆਂ ਹੋਰ ਕੜੀਆਂ ਦੀ ਜਾਂਚ ਕਰ ਰਹੀ ਹੈ। ਗੁਲਜ਼ਾਰ ਸਿੰਘ ’ਤੇ ਪਹਿਲਾਂ ਹੋਏ ਦੋ ਕਾਤਲਾਨਾ ਹਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਇਕ ਵਾਰ ਉਸ ’ਤੇ ਪੈਟਰੋਲ ਛਿੜਕ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਅਮਰੀਕਾ ਵਿੱਚ ਰਹਿ ਰਹੇ ਕਥਿਤ ਮੁੱਖ ਸਾਜ਼ਿਸ਼ਕਰਤਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।