ਪੰਜਾਬ ’ਚ ਸਿੱਖਿਆ ਸੁਧਾਰਾਂ ਦੀ ਕਹਾਣੀ ਲਿਖ ਰਹੇ ਅਧਿਆਪਕ : ਸਿਸੋਦੀਆ ਪੰਜਾਬ ‘ਚ ਸਿੱਖਿਆ ਸੁਧਾਰਾਂ ਦੀ ਕਹਾਣੀ ਲਿਖ ਰਹੇ ਅਧਿਆਪਕ : ਮਨੀਸ਼
Publish Date: Sun, 06 Sep 2026 06:55 PM (IST)
Updated Date: Sun, 06 Sep 2026 06:58 PM (IST)
- ਅਧਿਆਪਕ ਦਿਵਸ ਮੌਕੇ ਹੁਸ਼ਿਆਰਪੁਰ ’ਚ 200 ਤੋਂ ਵੱਧ ਸਰਕਾਰੀ ਸਕੂਲ ਅਧਿਆਪਕਾਂ ਨਾਲ ਕੀਤੀ ਗੱਲਬਾਤ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਰਵਾਇਤੀ ਭਾਸ਼ਣ ਦੇਣ ਦੀ ਬਜਾਏ ਅਧਿਆਪਕਾਂ ਦੀ ਗੱਲਬਾਤ ਸੁਣ ਕੇ ਅਧਿਆਪਕ ਦਿਵਸ ਮਨਾਉਂਦਿਆਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਸੁਧਾਰਕ ਮਨੀਸ਼ ਸਿਸੋਦੀਆ ਵੱਲੋਂ ਸ਼ਨਿਚਰਵਾਰ ਨੂੰ ਹੁਸ਼ਿਆਰਪੁਰ ਵਿੱਚ 200 ਤੋਂ ਵੱਧ ਸਰਕਾਰੀ ਸਕੂਲ ਅਧਿਆਪਕਾਂ ਨਾਲ ਸੰਵਾਦ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਆਪਣੇ ਨਿੱਜੀ ਤਜ਼ਰਬਿਆਂ, ਉਨ੍ਹਾਂ ਚੁਣੌਤੀਆਂ, ਜਿਨ੍ਹਾਂ ’ਤੇ ਉਨ੍ਹਾਂ ਜਿੱਤ ਹਾਸਲ ਕੀਤੀ ਅਤੇ ਆਪਣੇ ਵਿਦਿਆਰਥੀਆਂ ਦੀਆਂ ਉਮੀਦਾਂ, ਆਤਮ-ਵਿਸ਼ਵਾਸ ਤੇ ਪ੍ਰਾਪਤੀਆਂ ਵਿੱਚ ਆ ਰਹੇ ਬਦਲਾਅ ਬਾਰੇ ਗੱਲ ਕੀਤੀ। ਅਧਿਆਪਕਾਂ ਨੂੰ ‘ਸਮਾਜ ਦੇ ਪਾਇਲਟ’ ਦੱਸਦਿਆਂ ਸਿਸੋਦੀਆ ਨੇ ਕਿਹਾ ਕਿ ਇੱਕ ਪਾਇਲਟ ’ਤੇ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀਆਂ ਜਾਨਾਂ ਅਤੇ ਉਨ੍ਹਾਂ ਦੀ ਮੰਜ਼ਿਲ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸੇ ਤਰ੍ਹਾਂ ਇੱਕ ਅਧਿਆਪਕ ’ਤੇ ਪੂਰੀ ਪੀੜ੍ਹੀ ਦੇ ਭਵਿੱਖ ਦੀ ਦਿਸ਼ਾ ਤੈਅ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਹਰ ਡਾਕਟਰ, ਇੰਜੀਨੀਅਰ, ਅਧਿਕਾਰੀ, ਉੱਦਮੀ, ਮੰਤਰੀ ਅਤੇ ਆਗੂ ਸਭ ਤੋਂ ਪਹਿਲਾਂ ਕਿਸੇ ਅਧਿਆਪਕ ਦੇ ਹੱਥਾਂ ਵਿੱਚੋਂ ਹੀ ਲੰਘੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਭਗਵੰਤ ਮਾਨ ਸਰਕਾਰ ਦਾ ਸਭ ਤੋਂ ਅਹਿਮ ਯੋਗਦਾਨ ਸਿਰਫ਼ ਬਿਹਤਰ ਬੁਨਿਆਦੀ ਢਾਂਚਾ ਉਸਾਰਨਾ ਹੀ ਨਹੀਂ ਹੈ, ਸਗੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਸਨਮਾਨ, ਆਤਮ-ਵਿਸ਼ਵਾਸ ਅਤੇ ਪੇਸ਼ੇਵਰ ਮਾਣ-ਸਤਿਕਾਰ ਦੀ ਭਾਵਨਾ ਨੂੰ ਬਹਾਲ ਕਰਨਾ ਵੀ ਹੈ। ਸਿਸੋਦੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਅਧਿਆਪਕਾਂ ਨੂੰ ਪ੍ਰਸ਼ਾਸਨਿਕ ਲੜੀ ਦੀ ਆਖਰੀ ਕੜੀ ਵਜੋਂ ਨਹੀਂ, ਸਗੋਂ ਪੰਜਾਬ ਵਿੱਚ ਬਦਲਾਅ ਲਿਆਉਣ ਵਾਲੇ ਦੇ ਸਭ ਤੋਂ ਅਹਿਮ ਆਗੂਆਂ ਵਜੋਂ ਦੇਖਿਆ। ਇਸ ਮੌਕੇ ਸਿਸੋਦੀਆ ਨੇ ਕਿਹਾ ਕਿ ਕਲਾਸਰੂਮ ਲਰਨਿੰਗ ਦੇ ਨਤੀਜਿਆਂ ਦੇ ਮਾਮਲੇ ਵਿੱਚ ਪੰਜਾਬ ਦਾ ਭਾਰਤ ਦੇ ਨੰਬਰ ਇਕ ਸੂਬੇ ਵਜੋਂ ਉਭਰਨਾ, ਜਿਸ ਨੇ ਕੇਰਲ ਵਰਗੇ ਰਵਾਇਤੀ ਤੌਰ ’ਤੇ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਕਿਸੇ ਪ੍ਰਚਾਰ ਜਾਂ ਸਰਕਾਰੀ ਹੁਕਮਾਂ ਰਾਹੀਂ ਹਾਸਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਸਭ ਤੋਂ ਪਹਿਲਾਂ ਪੰਜਾਬ ਦੇ ਅਧਿਆਪਕਾਂ ਨੂੰ ਜਾਂਦਾ ਹੈ। ਸਰਕਾਰਾਂ ਸਾਧਨ, ਸਿਖ਼ਲਾਈ ਅਤੇ ਅਨੁਕੂਲ ਮਾਹੌਲ ਮੁਹੱਈਆ ਕਰਵਾ ਸਕਦੀਆਂ ਹਨ ਪਰ ਅਸਲ ਬਦਲਾਅ ਕਲਾਸ ਦੇ ਅੰਦਰ ਇੱਕ ਅਧਿਆਪਕ ਅਤੇ ਬੱਚੇ ਵਿਚਕਾਰ ਹੀ ਆਉਂਦਾ ਹੈ। ਇਸ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਆਈ ਤਬਦੀਲੀ ਦੀਆਂ ਕਈ ਪ੍ਰੇਰਨਾਦਾਇਕ ਕਹਾਣੀਆਂ ਸਾਹਮਣੇ ਆਈਆਕਮਾਹੀ ਦੇਵੀ ਸਥਿਤ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਹੁਣ ਨੀਟ ਅਤੇ ਜੇਈਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਸਿਸੋਦੀਆ ਨੇ ਕਿਹਾ ਕਿ ਇਹ ਪ੍ਰਾਪਤੀਆਂ ਦਰਸਾਉਂਦੀਆਂ ਹਨ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਵਧ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਸੀ। ਟਾਂਡਾ ਦੇ ਇੱਕ ਸਰਕਾਰੀ ਸਕੂਲ ਅਧਿਆਪਕ ਨਰਿੰਦਰ ਅਰੋੜਾ ਨੇ ਦੱਸਿਆ ਕਿ ਜਦੋਂ 40 ਤੋਂ ਘੱਟ ਵਿਦਿਆਰਥੀਆਂ ਵਾਲੇ ਉਨ੍ਹਾਂ ਦੇ ਸਕੂਲ ਨੂੰ ‘ਮਰਜਰ’ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪਿਆ, ਤਾਂ ਅਧਿਆਪਕਾਂ ਨੇ ਇਸ ਸਥਿਤੀ ਦਾ ਕਿਵੇਂ ਸਾਹਮਣਾ ਕੀਤਾ। ਮਾਪਿਆਂ ਅਤੇ ਸਥਾਨਕ ਭਾਈਚਾਰੇ ਨਾਲ ਲਗਾਤਾਰ ਰਾਬਤਾ ਕਾਇਮ ਰੱਖ ਕੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਗਿਣਤੀ ਵਧਾ ਕੇ 400 ਤੋਂ ਵੱਧ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਜ਼ੁਰਬੇ ਅੰਕੜਿਆਂ ਦੇ ਮੁਕਾਬਲੇ ਸਿੱਖਿਆ ਸੁਧਾਰਾਂ ਦੀ ਵਧੇਰੇ ਅਰਥਪੂਰਣ ਤਸਵੀਰ ਪੇਸ਼ ਕਰਦੇ ਹਨ। ਸਿੱਖਿਆ ਨੀਤੀ ਬਣਾਉਣ ਵੇਲੇ ਅਧਿਆਪਕਾਂ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਅਧਿਆਪਕਾਂ ਨੂੰ ਸਿਰਫ਼ ‘ਅਧਿਆਪਕ ਦਿਵਸ’ ’ਤੇ ਹੀ ਯਾਦ ਕਰਨ ਤੋਂ ਅੱਗੇ ਵਧ ਕੇ ਉਨ੍ਹਾਂ ਦੇ ਜਮਾਤ ਦੇ ਤਜ਼ਰਬਿਆਂ ਨੂੰ ਸੁਣਨ ਲਈ ਨਿਯਮਿਤ ਮੰਚ ਕਾਇਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਹੀ ਉਹ ਲੋਕ ਹਨ, ਜੋ ਬੱਚਿਆਂ ਅਤੇ ਕਲਾਸਾਂ ਨੂੰ ਸਭ ਤੋਂ ਡੂੰਘਾਈ ਨਾਲ ਸਮਝਦੇ ਹਨ। ਸਿੱਖਿਆ ਦੀ ਕੋਈ ਵੀ ਗੰਭੀਰ ਨੀਤੀ ਉਨ੍ਹਾਂ ਨਾਲ ਮਿਲ ਕੇ ਹੀ ਬਣਾਈ ਜਾਣੀ ਚਾਹੀਦੀ ਹੈ, ਨਾ ਕਿ ਸਿਰਫ਼ ਉਨ੍ਹਾਂ ਤੇ ਥੋਪੀ ਜਾਣੀ ਚਾਹੀਦੀ ਹੈ। ਸਮਾਗਮ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਜਸਬੀਰ ਸਿੰਘ ਰਾਜਾ ਗਿੱਲ, ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਡਾ. ਈਸ਼ਾਂਕ ਕੁਮਾਰ, ਮੁਕੇਰੀਆਂ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ, ਮੇਅਰ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਸੰਦੀਪ ਕੁਮਾਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।