ਦੋ ਦਿਨ ਧਰਨਾ, ਫਿਰ ਹਾਈਵੇਅ ਜਾਮ...ਗੰਨੇ ਦਾ ਭਾਅ 650 ਰੁਪਏ ਕਰਨ ਦੀ ਮੰਗ 'ਤੇ ਕਿਸਾਨਾਂ ਦਾ ਹੱਲਾ-ਬੋਲ, ਪਠਾਨਕੋਟ-ਜਲੰਧਰ ਹਾਈਵੇ ਠੱਪ
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਿੱਲਾਂ ਚਾਲੂ ਕਰਨ ਵਿੱਚ ਹੋਰ ਦੇਰੀ ਨਾਲ ਗੰਨੇ ਦੀ ਪਿੜਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਕਣਕ ਦੀ ਬਿਜਾਈ ਵਿੱਚ ਦੇਰੀ ਅਤੇ ਕਿਸਾਨਾਂ ਦੀਆਂ ਆਰਥਿਕ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਆਗੂਆਂ ਅਨੁਸਾਰ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਗੰਨੇ ਦੀ ਉਤਪਾਦਨ ਲਾਗਤ 392 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਗਈ ਹੈ, ਜਦਕਿ ਕੇਂਦਰ ਵੱਲੋਂ ਨਿਰਧਾਰਤ ਭਾਅ 365 ਰੁਪਏ ਹੈ। ਉਨ੍ਹਾਂ ਗੰਨੇ ਦਾ ਭਾਅ ਵਧਾ ਕੇ 650 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ।
Publish Date: Tue, 17 Nov 2026 05:01 PM (IST)
Updated Date: Tue, 17 Nov 2026 05:18 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਮੁਕੇਰੀਆਂ ਗੰਨਾ ਮਿੱਲ ਦੇ ਸਾਹਮਣੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਰੋਸ ਧਰਨਾ ਕੱਲ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਵੱਡੀ ਗਿਣਤੀ ਕਿਸਾਨਾਂ ਦੇ ਨਾਲ ਮਹਿਲਾ ਕਿਸਾਨਾਂ ਨੇ ਵੀ ਸ਼ਮੂਲੀਅਤ ਕਰਦਿਆਂ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ। ਦੋ ਦਿਨ ਬੀਤਣ ਦੇ ਬਾਵਜੂਦ ਮੰਗਾਂ ਸਬੰਧੀ ਕੋਈ ਠੋਸ ਫ਼ੈਸਲਾ ਨਾ ਹੋਣ ’ਤੇ ਕਿਸਾਨਾਂ ਨੇ ਸੰਘਰਸ਼ ਨੂੰ ਅਗਲੇ ਪੜਾਅ ’ਤੇ ਲਿਜਾਂਦਿਆਂ ਕੌਮੀ ਰਾਜ ਮਾਰਗ ਦੀ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਸੜਕ ’ਤੇ ਆਵਾਜਾਈ ਠੱਪ ਕਰ ਦਿੱਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਨੂੰ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਗਈ ਸੀ। ਸੁਣਵਾਈ ਨਾ ਹੋਣ ਕਾਰਨ 15 ਨਵੰਬਰ ਤੋਂ ਮੁਕੇਰੀਆਂ ਮਿੱਲ ਸਾਹਮਣੇ ਪੱਕਾ ਧਰਨਾ ਸ਼ੁਰੂ ਕੀਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਲੀਪ ਸਿੰਘ ਠਾਕੁਰ, ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ ਬਾਗੜੀਆਂ, ਅਮਰਜੀਤ ਸਿੰਘ, ਰਣਜੀਤ ਸਿੰਘ, ਸੋਨੂੰ ਔਲਖ, ਗੁਰਨਾਮ ਸਿੰਘ ਜਹਾਨਪੁਰ, ਹਰਦੇਵ ਸਿੰਘ ਚਿੱਟੀ, ਜੁਝਾਰ ਸਿੰਘ, ਵਿਜੇ ਕੁਮਾਰ ਬਹਿਬਲ ਮੰਜ, ਸੁਰਜੀਤ ਸਿੰਘ, ਜਥੇਦਾਰ ਹਰਮਿੰਦਰ ਖਹਿਰਾ, ਮਨਦੀਪ ਸਿੰਘ, ਕਰਨੈਲ ਸਿੰਘ, ਉਂਕਾਰ ਸਿੰਘ, ਲਖਵਿੰਦਰ ਸਿੰਘ, ਸਾਹਿਬਦੀਪ ਸਿੰਘ ਆਦਿ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਨ ਵਾਲੀ ਸਰਕਾਰ ਕਿਸਾਨਾਂ ਦੀਆਂ ਅਸਲ ਮੁਸ਼ਕਿਲਾਂ ਦੇ ਹੱਲ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਪਿਛਲੇ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਵੀ ਸਰਕਾਰ ਦੀ ਆਲੋਚਨਾ ਕੀਤੀ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਿੱਲਾਂ ਚਾਲੂ ਕਰਨ ਵਿੱਚ ਹੋਰ ਦੇਰੀ ਨਾਲ ਗੰਨੇ ਦੀ ਪਿੜਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਕਣਕ ਦੀ ਬਿਜਾਈ ਵਿੱਚ ਦੇਰੀ ਅਤੇ ਕਿਸਾਨਾਂ ਦੀਆਂ ਆਰਥਿਕ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਆਗੂਆਂ ਅਨੁਸਾਰ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਗੰਨੇ ਦੀ ਉਤਪਾਦਨ ਲਾਗਤ 392 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਗਈ ਹੈ, ਜਦਕਿ ਕੇਂਦਰ ਵੱਲੋਂ ਨਿਰਧਾਰਤ ਭਾਅ 365 ਰੁਪਏ ਹੈ। ਉਨ੍ਹਾਂ ਗੰਨੇ ਦਾ ਭਾਅ ਵਧਾ ਕੇ 650 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਰਕਾਰ ਅਤੇ ਨਿੱਜੀ ਮਿੱਲਾਂ ਵੱਲ ਕਿਸਾਨਾਂ ਦੇ ਕਰੀਬ 63 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ, ਨਵੇਂ ਭਾਅ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ, ਮਿੱਲਾਂ ਚਾਲੂ ਕਰਨ ਦੀ ਤਰੀਕ ਐਲਾਨਣ ਅਤੇ ਇੱਕ ਕਾਊਂਟਰ, ਇੱਕ ਪੇਮੈਂਟ ਨੀਤੀ ਲਾਗੂ ਕਰਨ ਦੀ ਮੰਗ ਉਠਾਈ।