ਮੀਂਹ ਤੇ ਗੜੇਮਾਰੀ ਨਾਲ ਮੰਡੀਆਂ ’ਚ ਪਈ ਝੋਨੇ ਦੀ ਫ਼ਸਲ ਨਾਲ ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਨਾਲ ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ
Publish Date: Wed, 07 Oct 2026 03:30 PM (IST)
Updated Date: Wed, 07 Oct 2026 03:32 PM (IST)
ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ, ਪੰਜਾਬੀ ਜਾਗਰਣ ਹੁਸ਼ਿਆਰਪੁਰ, ਦਸੂਹਾ ਅੱਜ ਪਏ ਜਿਲ੍ਹਾਂ ਭਰ ਵਿਚ ਪਏ ਮੀਂਹ ਅਤੇ ਕਈ ਥਾਵਾਂ ’ਤੇ ਹੋਈ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੋਣ ਕਾਰਨ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਗਈ ਫ਼ਸਲ ਅਤੇ ਖੇਤਾਂ ਵਿੱਚ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਮੀਂਹ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਕਈ ਥਾਵਾਂ ’ਤੇ ਮੰਡੀ ਵਿੱਚ ਖੁੱਲ੍ਹੇ ਵਿੱਚ ਪਈ ਝੋਨੇ ਦੀ ਫ਼ਸਲ ਭਿੱਜ ਗਈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਸੰਭਾਲ ਅਤੇ ਵਿਕਰੀ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਮੰਡੀ ’ਚ ਪਈ ਫਸਲ ਦਾ ਨੁਕਸਾਨ : ਅਗੇਤੀ ਬੀਜੀ ਝੋਨੇ ਦੀ ਫ਼ਸਲ ਪਹਿਲਾਂ ਹੀ ਮੰਡੀ ਵਿੱਚ ਲਿਆਂਦੀ ਹੋਈ ਸੀ ਅਤੇ ਅਚਾਨਕ ਮੀਂਹ ਪੈਣ ਕਾਰਨ ਫ਼ਸਲ ਨੂੰ ਢੱਕਣ ਲਈ ਕਾਫ਼ੀ ਸਮਾਂ ਨਹੀਂ ਮਿਲਿਆ। ਭਿੱਜੇ ਝੋਨੇ ਵਿੱਚ ਨਮੀ ਵਧਣ ਕਾਰਨ ਸਰਕਾਰੀ ਖਰੀਦ ਦੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਜੇਕਰ ਫ਼ਸਲ ਲੰਬੇ ਸਮੇਂ ਤੱਕ ਗਿੱਲੀ ਰਹਿੰਦੀ ਹੈ ਤਾਂ ਦਾਣਿਆਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਅਤੇ ਰੰਗ ਬਦਲਣ ਦਾ ਖਤਰਾ ਵੀ ਰਹਿੰਦਾ ਹੈ। ਗੜ੍ਹੇਮਾਰੀ ਨੇ ਵਧਾਈ ਕਿਸਾਨਾਂ ਦੀ ਚਿੰਤਾ : ਦੂਜੇ ਪਾਸੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਲਈ ਵੀ ਮੀਂਹ ਅਤੇ ਗੜੇਮਾਰੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਜਿਹੜੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ, ਉਸ ਵਿੱਚ ਤੇਜ਼ ਮੀਂਹ ਜਾਂ ਹਵਾ ਕਾਰਨ ਫ਼ਸਲ ਦੇ ਝੁਕਣ ਅਤੇ ਦਾਣੇ ਝੜਨ ਦਾ ਖਤਰਾ ਵੱਧ ਸਕਦਾ ਹੈ। ਇਸ ਨਾਲ ਕਿਸਾਨਾਂ ਦੀ ਪੈਦਾਵਾਰ ਅਤੇ ਆਮਦਨ ’ਤੇ ਸਿੱਧਾ ਅਸਰ ਪੈ ਸਕਦਾ ਹੈ। ਹੁਸ਼ਿਆਰਪੁਰ ਦੇ ਖ਼ੇਤਾਂ ਵਿਚ ਅਜੇ ਝੋਨੇ ਦੀ ਬਹੁਤੀ ਫਸਲ ਖ਼ੜੀ ਹੈ। ਹਾਲਾਂਕਿ, ਹਰ ਮੀਂਹ ਕਿਸਾਨਾਂ ਲਈ ਨੁਕਸਾਨਦਾਇਕ ਨਹੀਂ ਹੁੰਦਾ। ਜਿਨ੍ਹਾਂ ਖੇਤਾਂ ਵਿੱਚ ਹਾੜੀ ਦੀਆਂ ਫ਼ਸਲਾਂ, ਖਾਸ ਕਰਕੇ ਕਣਕ ਦੀ ਬਿਜਾਈ ਹੋਣੀ ਹੈ, ਉਨ੍ਹਾਂ ਲਈ ਢੁਕਵੀਂ ਮਾਤਰਾ ਵਿੱਚ ਪਿਆ ਮੀਂਹ ਮਿੱਟੀ ਵਿੱਚ ਨਮੀ ਬਣਾਈ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ। ਇਸ ਨਾਲ ਆਉਣ ਵਾਲੀ ਕਣਕ ਦੀ ਬਿਜਾਈ ਸਮੇਂ ਸਿੰਚਾਈ ਲਈ ਲੋੜੀਂਦੇ ਪਾਣੀ ਦੀ ਬਚਤ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਮੀਂਹ ਨਾਲ ਮਿੱਟੀ ਦੀ ਉੱਪਰਲੀ ਪਰਤ ਵਿੱਚ ਨਮੀ ਵਧਣ ਨਾਲ ਕੁਝ ਖੇਤੀਬਾੜੀ ਗਤੀਵਿਧੀਆਂ ਨੂੰ ਲਾਭ ਮਿਲ ਸਕਦਾ ਹੈ। ਪਰ ਜਿੱਥੇ ਮੀਂਹ ਦੇ ਨਾਲ ਗੜੇਮਾਰੀ ਹੋਈ ਹੈ, ਉੱਥੇ ਖੇਤਾਂ ਵਿੱਚ ਖੜ੍ਹੀਆਂ ਹੋਰ ਫ਼ਸਲਾਂ, ਸਬਜ਼ੀਆਂ ਅਤੇ ਬਾਗਬਾਨੀ ਫ਼ਸਲਾਂ ਨੂੰ ਨੁਕਸਾਨ ਦੀ ਸੰਭਾਵਨਾ ਬਣੀ ਹੋਈ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਡੀਆਂ ਵਿੱਚ ਪਈ ਫ਼ਸਲ ਨੂੰ ਤੁਰੰਤ ਢੱਕਣ, ਨਿਕਾਸੀ ਦੇ ਪ੍ਰਬੰਧ ਸੁਧਾਰਨ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਕੁਦਰਤੀ ਤੌਰ ’ਤੇ ਖੇਤੀ ਲਈ ਲਾਭਦਾਇਕ ਵੀ ਹੋ ਸਕਦਾ ਹੈ, ਪਰ ਵਾਢੀ ਦੇ ਸਮੇਂ ਪੈਣ ਵਾਲਾ ਅਚਾਨਕ ਮੀਂਹ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਹੁਣ ਸਰਕਾਰੀ ਅਧਿਕਾਰੀਆਂ ਵੱਲੋਂ ਮੰਡੀਆਂ ਅਤੇ ਪ੍ਰਭਾਵਿਤ ਖੇਤਾਂ ਦਾ ਜਾਇਜ਼ਾ ਲੈ ਕੇ ਅਸਲ ਨੁਕਸਾਨ ਦਾ ਜਾਇਜਾ ਕਰਨਾ ਕਰਨਾ ਮਹੱਤਵਪੂਰਨ ਹੋਵੇਗਾ। ਝੱਖ਼ੜ ਨੇ ਸੁੱਟੇ ਦਰੱਖ਼ਤ : ਕਈ ਜਰਨੈਲੀ ਸੜਕਾਂ ’ਤੇ ਮੀਂਹ ਦੇ ਨਾਲ ਤੇਜ ਝੱਖ਼ੜ ਚੱਲਣ ਕਾਰਨ ਸੜਕਾਂ ’ਤੇ ਡਿੱਗੇ ਦਰਖ਼ਤਾਂ ਨਾਲ ਆਵਾਜਾਈ ਵੀ ਪ੍ਰਭਵਿਤ ਹੋਈ ਹੈ। ਕੁੱਝ ਵਾਹਨਾਂ ਦੇ ਮਾਮੂਲੀ ਨੁਕਸਾਨ ਵੀ ਹੋਇਆ ਹੈ। ਕੁੱਝ ਦੇਰ ਲਈ ਸੜਕਾਂ ’ਤੇ ਲੰਬੀਆਂ ਲਾਈਨਾਂ ਲੱਗ ਗਈਆਂ।