ਕੈਂਪ ਦੌਰਾਨ 24 ਮੋਤੀਆਬਿੰਦ ਮਰੀਜ਼ਾਂ ਦੇ ਸਫਲ ਆਪ੍ਰੇਸ਼ਨ
ਬੀਨੇਵਾਲ ਅੱਖਾਂ ਦੇ ਜਾਂਚ ਕੈਂਪ ਦੌਰਾਨ ਮਿਲੇ 24 ਮੋਤੀਆਬਿੰਦ ਮਰੀਜ਼ਾਂ ਦੇ ਸਫਲ ਆਪ੍ਰੇਸ਼ਨ
Publish Date: Mon, 02 Nov 2026 04:01 PM (IST)
Updated Date: Mon, 02 Nov 2026 04:02 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ: ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ 17 ਅਕਤੂਬਰ ਨੂੰ ਬੀਨੇਵਾਲ ਵਿਖੇ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੋਤੀਆਬਿੰਦ ਤੋਂ ਪੀੜਤ ਪਾਏ ਗਏ 24 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਮਰੀਜ਼ਾਂ ਦੇ ਆਪ੍ਰੇਸ਼ਨ 24, 28 ਅਤੇ 31 ਅਕਤੂਬਰ ਨੂੰ ਕੀਤੇ ਗਏ। ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੀ ਆਵਾਜਾਈ, ਇਲਾਜ ਅਤੇ ਆਪ੍ਰੇਸ਼ਨ ਤੋਂ ਅਗਲੇ ਦਿਨ ਫਾਲੋਅੱਪ ਦਾ ਵੀ ਪ੍ਰਬੰਧ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਸਮੁੱਚੇ ਪ੍ਰਬੰਧਾਂ ਅਤੇ ਤਾਲਮੇਲ ਵਿੱਚ ਅਹਿਮ ਭੂਮਿਕਾ ਨਿਭਾਈ। ਅੱਖਾਂ ਦੇ ਮਾਹਿਰ ਡਾ. ਪਰਮਿੰਦਰ ਕੌਰ ਨੇ ਆਪ੍ਰੇਸ਼ਨ ਕੀਤੇ। ਇਸ ਮੌਕੇ ਐਸ.ਐਮ.ਓ. ਡਾ. ਨਿਰਮਲ ਅਤੇ ਸਿਹਤ ਵਿਭਾਗ ਦੀ ਟੀਮ ਨੇ ਵੀ ਸਹਿਯੋਗ ਦਿੱਤਾ। ਮਰੀਜ਼ਾਂ ਦੀ ਆਵਾਜਾਈ ਲਈ ਸੋਨਾਲੀਕਾ , ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਅਤੇ ਖੁਰਾਲਗੜ੍ਹ ਸਾਹਿਬ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਸਮੁੱਚੀ ਟੀਮ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।