ਮੁਕੇਰੀਆਂ ’ਚ ਕਾਂਗਰਸੀ ਟਿਕਟ ਲਈ ਖਿੱਚੋਤਾਣ, ਪਰਿਵਾਰਵਾਦ ਦਾ ਮੁੱਦਾ ਮੁੜ ਗਰਮਾਇਆ ਮੁਕੇਰੀਆਂ ’ਚ ਕਾਂਗਰਸੀ ਟਿਕਟ ਲਈ ਖਿੱਚੋਤਾਣ, ਪਰਿਵਾਰਵਾਦ ਦਾ ਮੁੱਦਾ ਮੁੜ ਗਰਮਾਇਆ
Publish Date: Sun, 15 Nov 2026 03:38 PM (IST)
Updated Date: Mon, 16 Nov 2026 04:00 AM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਪਰਿਵਾਰਵਾਦ ਅਤੇ ਸਿਆਸੀ ਉੱਤਰਾਧਿਕਾਰ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ ਕਾਂਗਰਸ ਦੀ ਅੰਦਰੂਨੀ ਸਿਆਸਤ ਵੀ ਇਸ ਤੋਂ ਅਛੂਤੀ ਨਹੀਂ। ਸਾਬਕਾ ਵਿੱਤ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ. ਕੇਵਲ ਕ੍ਰਿਸ਼ਨ ਤੋਂ ਸ਼ੁਰੂ ਹੋਈ ਸਿਆਸੀ ਵਿਰਾਸਤ ਉਨ੍ਹਾਂ ਦੇ ਪੁੱਤਰ ਰਜਨੀਸ਼ ਕੁਮਾਰ ਬੱਬੀ ਅਤੇ ਫਿਰ ਨੂੰਹ ਬੀਬੀ ਇੰਦੂ ਬਾਲਾ ਤੱਕ ਪਹੁੰਚੀ। ਹੁਣ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ ਟਿਕਟ ਨੂੰ ਲੈ ਕੇ ਸੰਭਾਵੀ ਦਾਅਵੇਦਾਰਾਂ ਦੀ ਸਰਗਰਮੀ ਨੇ ਸਥਾਨਕ ਸਿਆਸੀ ਸਮੀਕਰਨਾਂ ਨੂੰ ਦਿਲਚਸਪ ਬਣਾ ਦਿੱਤਾ ਹੈ। ਡਾ. ਕੇਵਲ ਕ੍ਰਿਸ਼ਨ ਤੋਂ ਇੰਦੂ ਬਾਲਾ ਤੱਕ ਸਿਆਸੀ ਵਿਰਾਸਤ ਮੁਕੇਰੀਆਂ ਦੀ ਸਿਆਸਤ ਵਿੱਚ ਡਾ. ਕੇਵਲ ਕ੍ਰਿਸ਼ਨ ਨੇ ਸੱਤ ਵਾਰ ਵਿਧਾਇਕ ਬਣ ਕੇ ਕਾਂਗਰਸ ਦਾ ਮਜ਼ਬੂਤ ਸਿਆਸੀ ਆਧਾਰ ਸਥਾਪਤ ਕੀਤਾ, ਜਿਸ ਨੂੰ ਉਨ੍ਹਾਂ ਦੇ ਪੁੱਤਰ ਰਜਨੀਸ਼ ਕੁਮਾਰ ਬੱਬੀ ਨੇ ਅੱਗੇ ਵਧਾਇਆ। 2007 ਵਿੱਚ ਹਾਰ ਅਤੇ 2012 ਵਿੱਚ ਕਾਂਗਰਸ ਦੀ ਟਿਕਟ ਨਾ ਮਿਲਣ ਦੇ ਬਾਵਜੂਦ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕਰਨਾ ਉਨ੍ਹਾਂ ਦੇ ਨਿੱਜੀ ਜਨ-ਆਧਾਰ ਦਾ ਸਬੂਤ ਸੀ। 2017 ਵਿੱਚ ਉਹ ਮੁੜ ਕਾਂਗਰਸੀ ਵਿਧਾਇਕ ਬਣੇ। 2019 ਵਿੱਚ ਉਨ੍ਹਾਂ ਦੇ ਦੇਹਾਂਤ ਮਗਰੋਂ ਪਤਨੀ ਬੀਬੀ ਇੰਦੂ ਬਾਲਾ ਨੇ ਜ਼ਿਮਨੀ ਚੋਣ ਤਾਂ ਜਿੱਤੀ, ਪਰ 2022 ਵਿੱਚ ਉਮੀਦਵਾਰ ਬੀਬੀ ਇੰਦੂ ਬਾਲਾ ਦੀ ਹਾਰ ਨੇ ਸਿਆਸੀ ਵਿਰਾਸਤ, ਪਰਿਵਾਰਵਾਦ ਅਤੇ ਕਾਂਗਰਸ ਵਿੱਚ ਵਰਕਰਾਂ ਦੀ ਅਹਿਮੀਅਤ ਬਾਰੇ ਨਵੀਂ ਚਰਚਾ ਛੇੜ ਦਿੱਤੀ। ਇੱਕੋ ਪਰਿਵਾਰ ਦੀ ਅਗਵਾਈ ਵਿੱਚ ਪਾਰਟੀ ਦੇ ਵੋਟ ਬੈਂਕ ਵਿੱਚ ਆਈ ਕਮੀ ਨੇ ਹਲਕੇ ਅੰਦਰ ਕਾਂਗਰਸ ਦੇ ਜਨ-ਆਧਾਰ ਅਤੇ ਸੰਗਠਨਾਤਮਕ ਸਥਿਤੀ ਬਾਰੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ। ਪਰਿਵਾਰਵਾਦ ਬਨਾਮ ਯੋਗਤਾ ਦੀ ਬਹਿਸ ਕਾਂਗਰਸ ਦੇ ਸਥਾਨਕ ਸਿਆਸੀ ਹਲਕੇ ਵਿੱਚ ਇੱਕ ਧੜਾ ਅਜਿਹਾ ਵੀ ਹੈ ਜੋ ਟਿਕਟਾਂ ਦੀ ਵੰਡ ਵਿੱਚ ਪਰਿਵਾਰਕ ਸਬੰਧਾਂ ਦੀ ਬਜਾਏ ਯੋਗਤਾ, ਜਨਤਕ ਸਮਰਥਨ, ਪਾਰਟੀ ਪ੍ਰਤੀ ਸਮਰਪਣ ਅਤੇ ਲੋਕ ਸੇਵਾ ਨੂੰ ਤਰਜੀਹ ਦੇਣ ਦੀ ਵਕਾਲਤ ਕਰਦਾ ਹੈ। ਇਸ ਵਿਚਾਰਧਾਰਾ ਨਾਲ ਜੁੜੇ ਆਗੂਆਂ ਦਾ ਮੰਨਣਾ ਹੈ ਕਿ ਜ਼ਮੀਨੀ ਪੱਧਰ ’ਤੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਮੌਕਾ ਦੇਣ ਨਾਲ ਪਾਰਟੀ ਦਾ ਜਥੇਬੰਦਕ ਆਧਾਰ ਮਜ਼ਬੂਤ ਹੋ ਸਕਦਾ ਹੈ। ਦੂਜੇ ਪਾਸੇ, ਸਿਆਸੀ ਵਿਰਾਸਤ ਨਾਲ ਜੁੜੇ ਉਮੀਦਵਾਰ ਦੇ ਸਮਰਥਕ ਉਨ੍ਹਾਂ ਦੇ ਤਜਰਬੇ ਅਤੇ ਹਲਕੇ ਵਿੱਚ ਮੌਜੂਦ ਸੰਪਰਕਾਂ ਨੂੰ ਅਹਿਮੀਅਤ ਦਿੰਦੇ ਹਨ। ਕਈ ਦਾਅਵੇਦਾਰਾਂ ਦੀ ਸਰਗਰਮੀ ਬੀਬੀ ਇੰਦੂ ਬਾਲਾ ਦੇ ਨਾਲ-ਨਾਲ ਅਮਰਜੀਤ ਸਿੰਘ ਢਾਡੇਕਟਵਾਲ, ਸੁਮਿਤ ਡਡਵਾਲ, ਤਰਸੇਮ ਮਿਨਹਾਸ, ਸਚਿਨ ਸਮਿਆਲ ਅਤੇ ਬੀਬੀ ਹਰਮਿੰਦਰ ਕੌਰ ਦੇ ਨਾਮ ਵੀ ਟਿਕਟ ਦੇ ਸੰਭਾਵੀ ਦਾਅਵੇਦਾਰਾਂ ਵਜੋਂ ਚਰਚਾ ਵਿੱਚ ਹਨ। ਟਕਸਾਲੀ ਆਗੂ ਤਰਸੇਮ ਮਿਨਹਾਸ ਅਤੇ ਅਮਰਜੀਤ ਸਿੰਘ ਢਾਡੇਕਟਵਾਲ ਲੰਮੇ ਸਮੇਂ ਤੋਂ ਪਾਰਟੀ ਟਿਕਟ ਲਈ ਯਤਨਸ਼ੀਲ ਹਨ ਅਤੇ ਲੋਕ ਮਸਲਿਆਂ ਦੀ ਚੰਗੀ ਪਹੁੰਚ ਰੱਖਣ ਕਾਰਨ ਕੰਢੀ ਤੇ ਬੇਟ ਖੇਤਰਾਂ ਵਿੱਚ ਆਪਣਾ ਆਧਾਰ ਬਣਾਉਣ ਵਿੱਚ ਸਫ਼ਲ ਰਹੇ ਹਨ। ਉੱਧਰ, ਸਚਿਨ ਸਮਿਆਲ ਅਤੇ ਸੁਮਿਤ ਡਡਵਾਲ ਸਥਾਨਕ ਬੁਨਿਆਦੀ ਸਹੂਲਤਾਂ, ਨਿਕਾਸੀ ਪ੍ਰਬੰਧਾਂ ਅਤੇ ਖਸਤਾ ਹਾਲਤ ਸੰਪਰਕ ਸੜਕਾਂ ਵਰਗੇ ਮੁੱਦਿਆਂ ਰਾਹੀਂ ਲੋਕਾਂ ਨਾਲ ਸੰਪਰਕ ਵਧਾ ਰਹੇ ਹਨ। ਇਸੇ ਤਰ੍ਹਾਂ ਬਾਕੀ ਦੇ ਦਾਅਵੇਦਾਰ ਵੀ ਜ਼ਿਕਰਯੋਗ ਸਰਗਰਮੀਆਂ ਕਰ ਆਪਣਾ ਆਧਾਰ ਮਜ਼ਬੂਤ ਕਰ ਰਹੇ ਹਨ। ਹਾਈਕਮਾਨ ਲਈ ਸਿਆਸੀ ਪਰਖ਼ ਮੁਕੇਰੀਆਂ ਵਿੱਚ ਉਮੀਦਵਾਰ ਦੀ ਚੋਣ ਕਾਂਗਰਸ ਹਾਈਕਮਾਨ ਲਈ ਸਿਰਫ਼ ਟਿਕਟ ਵੰਡਣ ਦਾ ਮਾਮਲਾ ਨਹੀਂ, ਸਗੋਂ ਧੜੇਬੰਦੀ ਨੂੰ ਸੰਤੁਲਿਤ ਕਰਨ ਅਤੇ ਸੰਗਠਨਾਤਮਕ ਏਕਤਾ ਕਾਇਮ ਰੱਖਣ ਦੀ ਪਰਖ ਵੀ ਹੋਵੇਗੀ। ਇੱਕੋ ਪਰਿਵਾਰ ਨੂੰ ਮੁੜ ਮੌਕਾ ਦੇਣ ਜਾਂ ਕਿਸੇ ਨਵੇਂ ਚਿਹਰੇ ’ਤੇ ਦਾਅ ਖੇਡਣ ਦਾ ਫ਼ੈਸਲਾ ਸਥਾਨਕ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਖ਼ਰਕਾਰ, ਕਾਂਗਰਸ ਦੀ ਚੋਣੀ ਸੰਭਾਵਨਾ ਇਸ ਗੱਲ ’ਤੇ ਵੀ ਨਿਰਭਰ ਕਰੇਗੀ ਕਿ ਪਾਰਟੀ ਪਰਿਵਾਰਕ ਵਿਰਾਸਤ, ਵਰਕਰਾਂ ਦੀਆਂ ਉਮੀਦਾਂ ਅਤੇ ਜਨਤਕ ਸਮਰਥਨ ਵਿਚਕਾਰ ਕਿੰਨਾ ਪ੍ਰਭਾਵਸ਼ਾਲੀ ਸੰਤੁਲਨ ਸਥਾਪਤ ਕਰਦੀ ਹੈ। ਐਚ ਐਸ ਪੀ 3: ਕਾਂਗਰਸੀ ਆਗੂ ਬੀਬੀ ਇੰਦੂ ਬਾਲਾ, ਬੀਬੀ ਹਰਮਿੰਦਰ ਕੌਰ ਅਤੇ ਤਰਸੇਮ ਮਿਨਹਾਸ, (ਹੇਠਾਂ) ਅਮਰਜੀਤ ਸਿੰਘ ਢਾਡੇਕਟਵਾਲ, ਸਚਿਨ ਸਮਿਆਲ ਅਤੇ ਸੁਮਿਤ ਡਡਵਾਲ।