- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਵਾਦ ਮਲੇਰਕੋਟਲਾ, ਹੜਤਾਲ ਹੁਸ਼ਿਆਰਪੁਰ, ਖ਼ੱਜਲ ਖ਼ੁਆਰ ਲੋਕ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਮਲੇਰਕੋਟਲਾ ਵਿਖੇ ਡਿਪਟੀ ਕਮਿਸ਼ਨਰ ਅਤੇ ਤਹਿਸੀਲ ਕੰਪਲੈਕਸ ਦੇ ਕਰਮਚਾਰੀਆਂ ਵਿਚ ਹੋਈ ਤਲਖ਼ਦਾ ਅਸਰ ਹੁਸ਼ਿਆਰਪੁਰ ਵਿਚ ਵੀ ਦੇਖ਼ਣ ਨੂੰ ਮਿਲ ਰਿਹਾ ਹੈ। ਮਲੇਰਕੋਟਲੇ ਦੀ ਘਟਨਾ ਨੂੰ ਲੈ ਕੇ ਹੁਸ਼ਿਆਰਪੁਰ ਦੇ ਤਹਿਸੀਲ ਕੰਪਲੈਕਸ ਦੇ ਕਰਮਚਾਰੀ ਹੀ ਨਹੀਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜਮ ਵੀ ਹੜਤਾਲ ’ਤੇ ਜਾਣ ਕਾਰਨ ਆਪਣੇ ਬੱਚਿਆਂ ਅਤੇ ਆਪਣੇ ਕੰਮਾਂ ਲਈ ਤਰ੍ਹਾਂ-ਤਰ੍ਹਾਂ ਸਰਟੀਫਿਕੇਟ ਬਣਾਉਣ ਲਈ ਪਹੁੰਚੇ ਲੋਕ ਖੱਜਲ-ਖੁਆਰ ਹੋ ਕੇ ਸਰਕਾਰ ਅਤੇ ਮੁਲਾਜ਼ਮਾਂ ਨੂੰ ਕੋਸਦੇ ਘਰਾਂ ਨੂੰ ਮੁੜ ਗਏ।
ਕੀ ਹੈ ਮਾਮਲਾ : ਹੁਸ਼ਿਆਰਪੁਰ ਦੇ ਤਹਿਸੀਲ ਕੰਪਲੈਕਸ ਵਿਖੇ ਆਪਣੇ ਰੋਜ਼ਾਨਾ ਦੇ ਜ਼ਰੂਰੀ ਕੰਮਕਾਰਾਂ ਅਤੇ ਅਲੱਗ-ਅਲੱਗ ਤਰ੍ਹਾਂ ਦੇ ਸਰਟੀਫਿਕੇਟ ਜਿਸ ਵਿਚ ਜਾਤੀ, ਰਿਹਾਇਸ਼, ਆਮਦਨ ਪ੍ਰਮੁੱਖ ਹਨ ਅਪਲਾਈ ਕਰਨ ਆ ਰਹੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਫ਼ਤਰਾਂ 'ਚ ਕੰਮ ਠੱਪ ਹੋਣ ਕਾਰਨ ਦੂਰ-ਦੁਰਾਡੇ ਤੋਂ ਆਏ ਆਮ ਸ਼ਹਿਰੀਆਂ ਅਤੇ ਪਿੰਡ ਵਾਸੀਆਂ ਨੂੰ ਲੰਮੇ ਸਮੇਂ ਤੋਂ ਧੱਕੇ ਖਾਣੇ ਪੈ ਰਹੇ ਹਨ। ਕਈ ਲੋਕ ਛੇ ਛੇ ਚੱਕਰ ਮਾਰ ਚੁੱਕੇ ਹਨ ਪਰ ਉਨ੍ਹਾਂ ਨੂੰ ਸਰਟੀਫਿਕੇਟ ਨਸੀਬ ਨਹੀਂ ਹੋ ਰਹੇ। ਤਹਿਸੀਲ ਕੰਪਲੈਕਸ ਦੇ ਸਟਾਫ਼ ਅਤੇ ਮੁਲਾਜ਼ਮ ਯੂਨੀਅਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਉੱਥੋਂ ਦੇ ਇੱਕ ਮੁਲਾਜ਼ਮ ਨਾਲ ਕਥਿਤ ਤੌਰ 'ਤੇ ਗਾਲੀ-ਗਲੋਚ ਅਤੇ ਅਭੱਦਰ ਵਿਵਹਾਰ ਕੀਤਾ ਗਿਆ ਹੈ। ਇਸ ਵਤੀਰੇ ਦੇ ਰੋਸ ਵਜੋਂ ਸਮੁੱਚੇ ਮੁਲਾਜ਼ਮ 3 ਦਿਨਾਂ ਦੀ 'ਕਲਮ ਛੋੜ' ਹੜਤਾਲ 'ਤੇ ਚਲੇ ਗਏ ਹਨ।
ਖ਼ਾਲ੍ਹੀ ਹੋਏ ਦਫ਼ਤਰ : ਹੜਤਾਲ ਕਾਰਨ ਕੰਪਲੈਕਸ ਦੇ ਜ਼ਿਆਦਾਤਰ ਕਾਊਂਟਰ ਅਤੇ ਦਫ਼ਤਰ ਖਾਲੀ ਪਏ ਹਨ। ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੇ ਆਮਦਨ ਅਤੇ ਜਾਤ ਸਰਟੀਫਿਕੇਟ ਸਕਾਲਰਸ਼ਿਪ ਸਕੀਮ ਲਈ ਮੰਗਵਾਏ ਜਾ ਰਹੇ ਹਨ। ਮੌਕੇ ’ਤੇ ਮੌਜੂਦ ਬੱਚਿਆਂ ਦੇ ਮਾਤਾ-ਪਿਤਾ, ਬਜ਼ੁਰਗਾਂ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਡੀ ਪੱਧਰ ’ਤੇ ਖ਼ੱਜਲ-ਖ਼ੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈ ਰਿਹਾ ਹੈ। ਮੌਕੇ ’ਤੇ ਬਲਰਾਜ ਸਿੰਘ, ਮਹਿੰਦਰ , ਸੁਰਿੰਦਰ ਸਿੰਘ, ਰਾਜ ਰਾਣੀ, ਸੁਨੀਤਾ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਆਪਸੀ ਵਿਵਾਦਾਂ ਦੀ ਸਜ਼ਾ ਆਮ ਜਨਤਾ ਨੂੰ ਭੁਗਤਣੀ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ।
ਸਰਟੀਫਿਕੇਟ ਦੋ-ਦੋ ਵਾਰ ਕਰਨਾ ਪੈ ਰਿਹਾ ਅਪਲਾਈ : ਮਾਤਾ-ਪਿਤਾ ਅਤੇ ਬੱਚਿਆਂ ਨੇ ਦੱਸਿਆ ਕਿ ਉਹ ਪਿਛਲੇ ਦਸ ਮਹੀਨਿਆਂ ਤੋਂ ਸਰਟਫਿਕੇਟ ਬਣਾਉਣ ਲਈ ਚੱਕਰ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਫੀਸ ਭਰ ਕੇ ਜਨਵਰੀ ਵਿਚ ਅਪਲਾਈ ਕੀਤਾ ਜੋ ਰੱਦ ਕਰ ਕੇ ਸਰਕਾਰ ਨੇ ਮੁੜ ਅਪਲਾਈ ਕਰਨ ਦਾ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਦੂਜੀ ਵਾਰ ਉਨ੍ਹਾਂ ਨੂੰ ਦੋ ਮਹੀਨੇ ਹੋ ਗਏ ਹਨ ਅਤੇ ਸਬਧੰਤ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਔਰਤਾਂ ਨੂੰ ਦਿੱਤੇ ਜਾ ਰਹੇ ਪੈਸਿਆਂ ਦੇ ਕੰਮ ਦੇ ਬੋਝ ਕਾਰਨ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਬੁਲਾਇਆ ਸੀ ਪਰ ਘਟਨਾ ਮਲੇਰਕੋਟਲਾ ਦੀ ਧਰਨਾ ਹੁਸ਼ਿਆਰਪੁਰ ਦੇ ਕੇ ਕੰਮ ਛੱਡ ਕੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਹਨ ਅਧਿਕਾਰੀ : ਇਸ ਸਬੰਧੀ ਤਹਿਸੀਲ ਦਫ਼ਤਰ ਦੀ ਅਨਪੂਰਨਾ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਦੇ ਕੰਮ ਇੱਕ ਦੋ ਦਿਨ ਵਿਚ ਕਰ ਦੇਣੇ ਸੀ ਪਰ ਡੀਸੀ ਦਫ਼ਤਰ ਦੇ ਸਟਾਫ਼ ਵੱਲੋਂ ਆਏ ਹੁਕਮਾਂ ਦੌਰਾਨ ਮਲੇਰਕੋਟਲਾ ਦੀ ਘਟਨਾ ਕਰਕੇ ਹੜਤਾਲ ਕਰ ਦਿੱਤੀ ਹੈ। ਸਾਰਿਆਂ ਨੂੰ ਦੋ ਦਿਨ ਦਾ ਸਮਾਂ ਦੇ ਦਿੱਤਾ ਹੈ।